ਦਿਨ ਨੂੰ ਗ਼ੈਰਾਂ ਨਾਲ ਰਹਾਂ
ਖ਼ਾਬਾਂ ਦੇ ਵਿਚ ਤੇਰੇ ਨਾਲ
ਦਿਨ ਰਾਤੀਂ ਇਉਂ ਰਹਿੰਦਾ ਹਾਂ
ਸੱਪਾਂ ਨਾਲ, ਸਪੇਰੇ ਨਾਲ।
ਗ਼ੈਰ ਹੈ ਮਤਲਬ ਦਾ ਬੰਦਾ
ਉਸਦੀ ਕੀਮਤ ਕੁਝ ਵੀ ਨਹੀਂ
ਕੀ ਹੋਇਆ ਜੇ ਹੋਇਆ ਉਹ
ਤੇਰੇ ਨਾਲ ਕਿ ਮੇਰੇ ਨਾਲ ।
ਜ਼ਾਹਿਦ ਚਾਰ ਚੁਫੇਰ ਨੇ
ਰਿੰਦਾ ! ਤੇਰਾ ਰਬ ਰਾਖਾ
ਸਾਂਭ ਪਿਆਲਾ ਤੇ ਬੋਤਲ
ਜੋ ਨਿਭਣੇ ਨੇ ਤੇਰੇ ਨਾਲ ।
ਤਿਲਕ ਲੰਮੇਰਾ ਮਸਤਕ ਦਾ
ਤੇ ਜਾਂ ਮੱਥੇ ਦਾ ਰੱਟਣ
ਕੁਝ ਨਾ ਕੁਝ ਤੇ ਰਹਿਣਾ ਹੈ,
ਆਖ਼ਿਰ ਬੁੱਢੇ ਠੇਰੇ ਨਾਲ।
ਇਕ ਮੰਜ਼ਿਲ ਬਾਅਦ ਇਕ ਮੰਜ਼ਿਲ
ਇਸ਼ਕ ਦਾ ਪੰਧ ਲੰਮੇਰਾ ਹੈ
ਇਸਦਾ ਅੰਤ ਨਹੀਂ ਹੁੰਦਾ
ਇਕ ਮੰਜ਼ਿਲ ਦੇ ਘੇਰੇ ਨਾਲ।
ਫਕ ਲਿਆ ਅਪਣਾ ਸਭ ਕੁਝ
ਤਾਂ ਜੋ ਬਾਗ਼ ਆਬਾਦ ਰਹੇ
ਬਿਜਲੀ ਖੁੰਧਕ ਖਾਂਦੀ ਹੈ
ਮੇਰੇ ਰੈਣ-ਬਸੇਰੇ ਨਾਲ ।
ਅਪਣੇ ਘਰ ਹੀ ਰਖ ਜ਼ਾਹਿਦ
ਅਮਲੇ-ਫੈਲੇ ਅਪਣੇ ਨੂੰ
ਬੰਦੇ ਦੇ ‘ਹਮਦਰਦ' ਨੇ ਜੋ
ਰਿੰਦ ਬੜੇ ਨੇ ਮੇਰੇ ਨਾਲ