ਦਿਨ ਪੇਪਰਾਂ ਦੇ ਆਏ

ਵਿਦਿਆ ਸਾਰੀ ਉਮਰ ਦਾ ਗਹਿਣਾ,

ਕੀਤੀ ਮਿਹਨਤ ਦਾ ਮੁੱਲ ਪੈਣਾ।

ਕਰ ਲਉ ਹੁਣ ਤਿਆਰੀ, ਦਿਨ ਪੇਪਰਾਂ ਦੇ ਆਏ।

ਸਮਾਂ ਸਵੇਰ ਦਾ ਸਭ ਤੋਂ ਚੰਗਾ,

ਯਾਦ ਜੋ ਕੀਤਾ, ਨਾ ਭੁੱਲਣ ਦਾ ਪੰਗਾ।

ਕੰਮ ਕਰੋ ਨਾਲ ਹੁਸ਼ਿਆਰੀ, ਦਿਨ ਪੇਪਰਾਂ ਦੇ ਆਏ।

ਸਾਰਾ ਦਿਨ ਪੜ੍ਹਨਾ ਲੱਗੇ ਔਖਾ,

ਸਮਾਂ ਵੰਡ ਕੰਮ ਕਰ ਲਉ ਸੌਖਾ।

ਅਰਾਮ ਦੀ ਵੀ ਰੱਖੋ ਵਾਰੀ, ਦਿਨ ਪੇਪਰਾਂ ਦੇ ਆਏ।

ਜਿਹੜੇ ਬਾਲ਼ ਮਨ ਲਾ ਕੇ ਪੜ੍ਹਦੇ,

ਜਮਾਤ ਅਗਲੀ ਦੀ ਪੌੜ੍ਹੀ ਚੜ੍ਹਦੇ।

ਨਕਲ ਰੱਖੇ ਮੱਤ ਮਾਰੀ, ਦਿਨ ਪੇਪਰਾਂ ਦੇ ਆਏ।

ਸਭ ਵਿਸ਼ਿਆਂ ਦਾ ਕੰਮ ਕਰ ਲਉ ਪੂਰਾ,

ਜੋ ਸਮਝ ਨਾ ਆਵੇ, ਜਾਂ ਹੋਵੇ ਅਧੂਰਾ।

ਉਹ ਸਮਝੋ ਵਾਰੋ-ਵਾਰੀ, ਦਿਨ ਪੇਪਰਾਂ ਦੇ ਆਏ।

ਕਿਤਾਬਾਂ ਸੰਭਾਲੋ ਵਾਂਗ ਰੱਬ ਦੀ ਪੂਜਾ,

ਇਹ ਮਿੱਤਰ ਤੁਹਾਡੀਆਂ, ਨਾ ਕੋਈ ਦੂਜਾ।

ਕਰੋ ਸੰਭਾਲ ਨਾਲ ਜ਼ਿੰਮੇਵਾਰੀ, ਦਿਨ ਪੇਪਰਾਂ ਦੇ ਆਏ।

ਟੀ.ਵੀ. ਤੋਂ ਧਿਆਨ ਹਟਾਉ,

ਵਿੱਚ ਕਿਤਾਬਾਂ ਧਿਆਨ ਲਗਾਉ।

ਫਿਰ ਪਛਤਾਉਣਾ ਪਵੇਗਾ ਭਾਰੀ, ਦਿਨ ਪੇਪਰਾਂ ਦੇ ਆਏ।

📝 ਸੋਧ ਲਈ ਭੇਜੋ