ਦਿਨ ਰਾਤ ਜਿੰਨ੍ਹਾਂ ਦੇ ਸਿਜਦੇ

ਦਿਨ ਰਾਤ ਜਿੰਨ੍ਹਾਂ ਦੇ ਸਿਜਦੇ ਵਿਚ,ਇਹ ਕੱਚੀਆਂ ਕੰਧਾਂ ਖੜ੍ਹੀਆਂ ਨੇ। 

ਉਹ ਰਿਸ਼ਮਾਂ ਪਹਿਲੇ ਪਹਿਰ ਦੀਆਂ, ਕਿਸ ਨੂਰ ਮਹਿਲ ਤੇ ਅੜੀਆਂ ਨੇ। 

ਨਿੱਤ ਆਲ੍ਹਣਿਆਂ ਵਿੱਚ ਖ਼ੁਸ਼ ਰਹਿਣਾ, ਹੁਣ ਚਿੜੀਆਂ ਦੀ ਤਕਦੀਰ ਨਹੀਂ, 

ਜੇ ਬਿਜਲੀ ਕੋਲੋਂ ਬਚੀਆਂ ਤਾਂ, ਸ਼ਿਕਰੇ ਦੀ ਨਜ਼ਰੇ ਚੜ੍ਹੀਆਂ ਨੇ। 

ਇਹ ਰਸਤਾ ਬੀਆਬਾਨ ਜਿਹਾ, ਫਿਰ ਲੁੱਕਣਮੀਟੀ ਮੰਜ਼ਲ ਦੀ, 

ਕੁਝ ਹੋਈਆਂ ਸਾਡੇ ਰਹਿਬਰ ਤੋਂ, ਅੱਜ ਬੇਪਰਵਾਹੀਆਂ ਬੜੀਆਂ ਨੇ। 

ਦਿਨ ਰਾਤ ਅਨਾਹਦ ਨਾਦ ਵਜੇ, ਹਰ ਪਲ ਤੱਯਾਰੀ ਮਹਿਫ਼ਲ ਦੀ, 

ਅੰਬਰ ਦਾ ਸਾਏਬਾਨ ਫੜੀ, ਹਰ ਵਕਤ ਦਿਸ਼ਾਵਾਂ ਖੜ੍ਹੀਆਂ ਨੇ। 

ਪਾਬੰਦ ਫ਼ਿਜ਼ਾ ਵਿੱਚ ਸਾਡੇ ਤੋਂ, ਪਾਬੰਦ ਇਬਾਦਤ ਨਾ ਹੋਈ, 

ਬਿਨ ਈਦ ਨਿਭਾਏ ਨੇ ਰੋਜ਼ੇ, ਬੇਵਕਤ ਨਮਾਜ਼ਾਂ ਪੜ੍ਹੀਆਂ ਨੇ। 

📝 ਸੋਧ ਲਈ ਭੇਜੋ