ਦਿਨ ਰਾਤ ਮਿਲ ਰਹੇ ਨੇ

ਦਿਨ ਰਾਤ ਮਿਲ ਰਹੇ ਨੇ ਰਾਵੀ ਚਨਾਬ ਵਾਂਗੂੰ ।

ਤੂੰ ਆ ਕਿ ਤੁਰ ਨਾ ਜਾਵਣ ਇਹ ਪਲ ਵੀ ਖ਼੍ਵਾਬ ਵਾਂਗੂੰ।

ਅਹਿਸਾਸ ਹਾਂ ਮੈਂ, ਬਾਗਾਂ ਦਾ ਫੁੱਲ ਤਾਂ ਨਹੀਂ ਹਾਂ,

ਜੂੜੇ ’ਚ ਟੁੰਗ ਨਾ ਤੂੰ ਮੈਨੂੰ ਗੁਲਾਬ ਵਾਂਗੂੰ ।

ਮੈਂ ਕਦ ਕਿਹਾ ਸੀ ਤੇਰੇ ਨੈਣਾਂ ਦੇ ਵਿਚ ਨਸ਼ਾ ਹੈ,

ਮੈਨੂੰ ਹੀ ਚੜ੍ਹ ਗਈ ਤੂੰ ਤਿੱਖੀ ਸ਼ਰਾਬ ਵਾਂਗੂੰ ।

ਯਾਰਾਂ ਨੂੰ ਵੇਖ ਡਿੱਗਦੇ, ਇਤਬਾਰ ਆਪਣਾ ਮੈਂ,

ਰੱਦੀ ’ਚ ਵੇਚ ਦਿੱਤਾ ਪਾਟੀ ਕਿਤਾਬ ਵਾਂਗੂੰ ।

ਪੀਂਦੇ ਸੀ ਕੱਲ੍ਹ ਜਿਸ ’ਚੋਂ ਉਹ ਰੱਜ ਰੱਜ ਪਾਣੀ,

ਹੁਣ ਸਮਝਦੇ ਨੇ ਮੈਨੂੰ ਗੰਧਲੇ ਤਲਾਬ ਵਾਂਗੂੰ ।

ਰੇਖਾਵਾਂ, ਚਿੱਤਰ ਕਿਥੇ ਤੇ ਅੰਕੜੇ ਨੇ ਕਿੱਥੇ,

ਨਾ ਕਰ ਜੁਮੈਟਰੀ ਦੀ, ਗੱਲ ਵੀ ਹਿਸਾਬ ਵਾਂਗੂੰ ।

📝 ਸੋਧ ਲਈ ਭੇਜੋ