ਦਿਨ ਸਨ ਓਹ ਵੰਗਾਂ ਵਰਗੇ

ਦਿਨ ਸਨ ਓਹ ਵੰਗਾਂ ਵਰਗੇ

ਸੁੱਚੀਆਂ ਜੇਹੀਆਂ ਰਾਤਾਂ ਸੀ

ਤਾਰੇ ਸਨ ਗੱਲਾਂ ਕਰਦੇ

ਅੱਲੜ੍ਹ ਪਰਭਾਤਾਂ ਸੀ

ਦਾਦੀ ਦੀ ਲੋਰੀ ਕੋਲੋਂ

ਇਸ਼ਕੇ ਵਾ ਲੰਘਦੀ ਸੀ

ਬਾਪੂ ਦੀ ਇੱਕ ਝਿੜਕ ਜੇਹੀ ਤੋਂ

ਰਾਤ ਜਰਾ ਸੰਗਦੀ ਸੀ

ਮਿਲਦੀਆਂ ਸਨ ਉੱਠ ਸਵੇਰੇ

ਗੱਲਾਂ ਤੇਰੇ ਪਿੰਡ ਦੀਆਂ

ਗਾਧੀ ਤੇ ਗੀਤ ਹੁੰਦਾ ਸੀ  

ਸਤਰਾਂ ਤੇਰੀ ਜ਼ਿੰਦ ਦੀਆਂ

ਗਾਉਂਦੀ ਹੋਈ ਚੰਨ ਪਕਾਉਂਦੀ

ਇਸ਼ਕੇ ਦੀ ਛੱਲ ਤੇਰੀ

ਚੁੱਲ੍ਹੇ ਵਿਚ ਅੱਗ ਸਤਾਉਂਦੀ

ਅੰਗਾਂ ਵਿਚ ਗੱਲ ਤੇਰੀ

ਹੱਥਾਂ ਵਿਚ ਅਕਸ ਬੈਠਣ

ਤੇਰਿਆਂ ਹੀ ਰਾਹਵਾਂ ਦੇ

ਬਾਹਵਾਂ ਵਿਚ ਚੁੱਕ ਖਿਡਾਵਾਂ

ਸੁਪਨੇ ਤੇਰੇ ਚਾਵਾਂ ਦੇ

ਚੁੰਨੀ ਨੂੰ ਰੰਗ ਨਾ ਚੜ੍ਹਦਾ

ਬਿਨ ਤੇਰੀ ਪੱਗ ਵਰਗਾ

ਤਲੀਆਂ ਤੇ ਮਹਿੰਦੀ ਦੀਵਾ

ਬਲਦਾ ਕੋਈ ਅੱਗ ਵਰਗਾ

ਕੁੜੀਆਂ ਨੂੰ ਚੇਤੇ ਆਵਣ

ਮਹਿਫ਼ਿਲ ਵਿਚ ਗਾਉਂਦੇ ਦੇ

ਵਾਲਾਂ ਵਿਚ ਵਾਲ ਉਲਝ ਗਏ

ਤੇਰੇ ਸੰਗ ਨ੍ਹਾਉਂਦੇ ਦੇ

ਸੁੱਤੀ ਇੱਕ ਰਾਤ ਜਾਗ ਪਈ

ਉਸ ਨੇ ਨਾ ਸੌਣ ਦਿਤਾ

ਤੱਕਲੇ ਤੇ ਤੰਦ ਹਿੱਜ਼ਰ ਦਾ

ਇੱਕ ਵੀ ਨਾ ਹਾੜਾ ਪਾਉਣ ਦਿਤਾ

ਜਗਦਾ ਕਦੇ ਬੁਝਦਾ ਸੂਰਜ

ਹਿੱਕ ਓਲ੍ਹੇ ਸਾਹਾਂ ਵਿਚ

ਸੁਪਨੇ ਮੈਂ ਕੱਢਦੀ ਰਹਿੰਦੀ

ਨ੍ਹਾਉਂਦੀ ਮੈਂ ਆਹਾਂ ਵਿਚ

ਖਿੜ੍ਹਿਆ ਇੱਕ ਫੁੱਲ ਮਹਿੰਦੀ ਦਾ

ਪਲਕਾਂ ਤੇ ਧਰ ਲਿਆ ਵੇ

ਤੇਰਾ ਮੈਂ ਬੋਲ ਰਾਂਝਣਾਂ

ਸਫ਼ਾ 2 ਪੜ੍ਹ ਲਿਆ ਵੇ

ਨੀਂਦਾਂ ਨਾ ਆਵਣ ਹੁਣ ਵੇ

ਰਾਤਾਂ ਨਾ ਸੌਂਦੀਆਂ

ਤੇਰੀ ਜੁਦਾਈ ਦਾ ਨਿੱਤ

ਨਗਮਾਂ ਉਹ ਗਾਉਂਦੀਆਂ

📝 ਸੋਧ ਲਈ ਭੇਜੋ