ਦਿਨ ਤੇ ਰਾਤ

ਦਿਨ ਤੇ ਰਾਤ ਬਰਾਬਰ ਵੇਖਾਂ। 

ਦੋਹਾਂ ਨੂੰ ਹਮਬਿਸਤਰ ਵੇਖਾਂ।

ਜੇ ਤੂੰ ਦੋ ਹੱਥ ਦੂਰ ਖਲੋਵੇਂ

ਤੇਰਾ ਚਿਹਰਾ ਬਿਹਤਰ ਵੇਖਾਂ।

ਦੁਨੀਆਂ ਭਰ ਦੇ ਦੁਖਾਂ ਨੂੰ ਮੈਂ, 

ਦੁਨੀਆਂ ਭਰ ਦੇ ਅਜਗਰ ਵੇਖਾਂ।

ਮੈਂ ਹਾਂ ਆਪ ਸਲੀਮ ਜਿਹਾ ਤੇ

ਆਸੇ ਪਾਸੇ ਅਕਬਰ ਵੇਖਾਂ।

ਦੁਨੀਆਂ ਭਰ ਦੇ ਲੋਕ ਸਿਆਣੇ

ਇਕ ਦੂਜੇ ਤੋਂ ਨਾਬਰ ਵੇਖਾਂ।

ਯਾਦ ਬਜ਼ੁਰਗਾਂ ਦੀ ਆਉਦੀ

ਜਦੋ ਕਿਤੇ ਕੁਝ ਖੰਡਰ ਵੇਖਾਂ।

ਤੇਰੀ ਯਾਦ ਅਨਾਰਕਲੀ ਮੈਂ, 

ਖੁਸ਼ਬੂ ਨਾਲ ਮੁਅੱਤਰ ਵੇਖਾਂ।

ਸੁਫ਼ਨੇ ਵਿਚ ਇਕ ਸਾਵੀ ਧਰਤੀ, 

ਜਾਗਾਂ ਤੇ ਉਹ ਬੰਜਰ ਵੇਖਾਂ।

📝 ਸੋਧ ਲਈ ਭੇਜੋ