ਡਿਓੜੀ ਚ ਬੈਠਾ ਮਹਾਰਾਜਾ

ਪੰਜਾਬ ਦੀ ਹਰ

ਡਿਓੜੀ ਇੱਕ ਮਹਾਰਾਜਾ ਬੈਠਾ ਹੈ

ਕਦੇ ਓਹਦਾ ਹੁਕਮ ਚਲਦਾ ਸੀ-

ਓਹਦੀ ਛਾਂ ਸੀ ਪਿੰਡ ਤੇ-

ਕਦੇ ਓਹਦੇ ਹੁਕਮ ਨਾਲ

ਚੰਦ ਪੁੱਛ ਕੇ ਘਰ ਵੜ੍ਹਦਾ ਸੀ-

ਜੋ ਕਹਿੰਦਾ ਜੱਗ ਮੰਨਦਾ-

ਉਹ ਜਾਗਦਾ

ਤਾਂ ਪਿੰਡ ਉੱਠਦਾ

ਬਲਦਾਂ ਦੀਆਂ ਟੱਲੀਆਂ ਰਾਗ ਉੱਤਰਦੇ

ਜੋਗਾਂ ਟੁਰਦੀਆਂ ਖੂਹਾਂ ਵੱਲ

ਚਾਟੀਆਂ ਘੁੰਮੇਰਾਂ ਨੱਚਦੀਆਂ

ਸੁਬਾ੍ਹ ਦੇ ਗੀਤ ਛਿੜਦੇ

ਤਰੇਲ ਤੁਪਕੇ ਰੰਗਾਂ ਚਮਕਦੇ-

ਹਲਟਾਂ ਦਾ ਸੰਗੀਤ ਲਿਖਣ ਰੱਬ ਆਪ ਆਉਂਦਾ

ਸਿਆੜਾਂ ਦੀਆਂ ਸਤਰਾਂ ਸਜਦੀਆਂ

ਖੇਤਾਂ 'ਚੋਂ ਮਹਿਕਾਂ ਜਨਮਦੀਆਂ

ਬਾਜਰੇ ਦੇ ਛਿੱਟਿਆਂ ਤੇ ਰਾਅ ਤੋਤੇ

ਤੇ ਚਿੜ੍ਹੀਆਂ ਗਾਉਂਦੀਆਂ-

ਬੱਗਿਆਂ ਨਾਰਿਆਂ ਦਾ ਪਰਤਾਪ

ਘਰ ਕੋਠੀਆਂ ਭਰਦਾ

ਦਰਾਂ ਤੋਂ ਭਿਖਾਰੀ ਕਾਮੇ ਰੱਜ 2 ਜਾਂਦੇ-

ਚਿੱਟੇ ਕੁੜਤੇ ਪਜ਼ਾਮੇਂ ਗਲੀਆਂ ਪਿੰਡਾਂ ਨੂੰ ਮਿਲਦੇ

ਮੇਲਿਆਂ ਦਾ ਸੰਸਾਰ ਸਜਦਾ

ਪੰਚਾਇਤ ਫ਼ੈਸਲੇ ਓਹਦੀ ਸੋਟੀ ਕਰਦੀ-

ਤੇ ਸਾਰਾ ਜ਼ਮਾਨਾ ਹਾਂ ਕਹਿ ਕੇ ਟੁਰ ਜਾਂਦਾ ਘਰੀਂ-

ਹੁਣ ਓਹਦੇ ਹੱਥ ਸੋਟੀ ਤਾਂ ਹੈ

ਪਰ ਕੁੱਤੇ ਨੂੰ ਹੀ ਅੰਦਰ ਵੜ੍ਹਨੋਂ ਰੋਕਣ ਲਈ

ਤੇ ਜਾਂ ਨਿਆਣਿਆਂ ਨੂੰ ਸਾਰਾ 2 ਦਿਨ ਭੌਕਣ ਜੋਗੀ

ਜਿਹਨਾਂ ਨੂੰ ਉਹ ਦਾਤਾਂ ਵੰਡਦਾ ਸੀ

ਅੱਜ ਓਹਨਾਂ ਤੋਂ ਸੁੱਕੇ ਟੁੱਕ ਲਈ

ਔਖਾ ਹੋਇਆ ਤਰਸਦਾ ਬੈਠਾ ਹੈ-

ਪਾਣੀ ਵੀ ਨਹੀਂ ਪੁੱਛਦੀ ਕੋਈ ਘਰ ਦੀ ਹਵਾ

ਬੁੜ 2 ਕਰਕੇ ਲੰਘ ਜਾਂਦੇ ਨੇ ਸਾਰੇ ਕੋਲ ਦੀ ਪਲ ਤੇ ਘੜੀਆਂ

ਮਹਿੰਗਾ ਹੋ ਗਿਆ ਹੈ ਓਹਦਾ ਦਵਾ ਦਾਰੂ ਹੁਣ

ਓਹਦੇ ਕੱਪੜੇ ਲੀੜਿਆਂ 'ਚੋਂ ਹੁਣ ਘਰ ਬਾਰ ਨੂੰ ਦੁਰਗੰਧ ਆਉਂਦੀ ਹੈ-

ਤੇ ਤੁਰੀ ਫਿਰਦੀ ਚਾਨਣੀ ਹੀ ਓਹਦੀ ਹੁਣ ਚਾਦਰ ਵਿਛਾਉਂਦੀ ਹੈ-

ਬਾਪੂ ਦਾ ਹਾਲ ਚਾਲ

ਕਦੇ 2 ਪੁੱਛ ਲੈਂਦੇ ਨੇ ਰਾਹ ਖੈੜੇ ਜਾਂਦੇ 2 ਰਾਹ

ਪੁੱਤ ਜਿਹਨੂੰ ਲਾਡਾਂ ਨਾਲ ਪਾਲਿਆ ਸੀ

ਕੰਮ ਤੋਂ ਫ਼ੁਰਸਤ ਨਾ ਹੋਣ ਕਾਰਨ ਨੇੜ੍ਹੇ ਨਹੀਂ ਬੈਠਦੇ

ਬੱਚੇ ਜਿਹਨਾਂ ਦੀਆਂ ਲੋਹੜੀਆਂ 'ਚ ਉਹ ਨੱਚਦਾ ਸਾਹ ਨਹੀਂ ਲੈਂਦਾ

ਨੇੜੇ ਜੇ ਖੜ੍ਹਦੇ ਹਨ ਤਾਂ ਨੂੰਹ 'ਵਾਜ਼ ਮਾਰ ਲੈਂਦੀ ਹੈ-

'ਸੌ ਬੀਮਾਰੀਆ ਨੇ ਇਹਨੂੰ-

ਇਹਦੇ ਕੋਲ ਨਾ ਜਾਇਆ ਕਰੋ-

ਖ਼ਬਰੇ ਕਦ ਮਰੇ ਤੇ ਮੰਜ਼ਾ ਛੱਡੇ'

ਹੁਕਮ ਨਾ ਘਰ ਰਿਹਾ ਹੈ

ਤੇ ਨਾ ਹੀ ਕਿਤੇ ਦਰਾਂ ਤੋਂ ਬਾਹਰ-

ਦਸ਼ਰੱਥ ਕਈ ਪੁੱਤਾਂ ਵਾਲਾ-ਸੁੱਕੇ ਟੁੱਕ ਦੁਆਲੇ ਵਿਚਰਦਾ ਹੈ

ਸਵੇਰ ਸ਼ਾਮ  ਜਪੁਜੀ ਤੇ ਰਹਿਰਾਸ ਹੀ ਓਹਦੇ ਨਾਲ ਬੋਲਦੀ ਹੈ-

ਐਨਕ ਦੇ ਘਸਮੈਲੇ ਸ਼ੀਸ਼ਿਆਂ ਨੇ

ਓਹਦੇ ਜਗਤ ਦਾ ਅਕਸ ਵੀ ਬੇਪਛਾਣ ਕਰ ਦਿਤਾ ਹੈ-

   

'ਹਾਲ ਚਾਲ ਕਾਹਦੇ ਪੁੱਤ

ਉਪਰ ਵਾਲਾ ਚੱਕਦਾ ਨਹੀਂ

ਤੇ ਘਰ ਵਾਲੇ ਰੱਖਦੇ ਨਹੀਂ-

ਇਹ ਨਾ ਹੋਵੇ ਕਿਸੇ ਦਾ ਹਾਲ ਜਿਊਂਦੇ ਜੀਅ'

📝 ਸੋਧ ਲਈ ਭੇਜੋ