ਦਿਸਣ ਹਾਉਮੈ ਦੀਆਂ ਕਿਰਚਾਂ

ਦਿਸਣ ਹਾਉਮੈ ਦੀਆਂ ਕਿਰਚਾਂ ਉਹਦੇ ਆਭਾਰ ਦੇ ਪਿੱਛੋਂ। 

ਬੜੇ ਕਿਰਦਾਰ ਦਿਸਦੇ ਨੇ ਉਹਦੇ  ਕਿਰਦਾਰ ਦੇ ਪਿੱਛੋਂ। 

ਉਹ ਅਕਸਰ ਆਖਦਾ ਮੈਨੂੰ ਕਿ ਹੋ ਸੌੜਾ ਨਾ ਵਗਿਆ ਕਰ,

ਗਿਆ ਪੁੱਟਿਆ ਜੜ੍ਹੋਂ ਹੀ ਉਹ ਮੇਰੇ ਵਿਸਥਾਰ ਦੇ ਪਿੱਛੋਂ।

ਮੈਂ ਪਰਬਤ ਸਿਰ 'ਤੇ ਚੁੱਕੀ ਫਿਰ ਰਿਹਾ ਸਾਂ ਆਸ ਤੇਰੀ ਦਾ,

ਤੇ ਹੌਲ਼ਾ ਫੁੱਲ ਹੋਇਆ ਹਾਂ ਤੇਰੇ ਇਨਕਾਰ ਦੇ ਪਿੱਛੋਂ।

ਚੁਫੇਰੇ ਸ਼ੋਰ ਤੋਂ ਡਰ ਕੇ ਸਾਂ ਭੱਜਿਆ ਸ਼ਾਂਤ ਹੋਵਣ ਨੂੰ,

ਮੈਂ ਮੁੜ ਆਇਆ ਤੇਰੀ ਝਾਂਜਰ ਦੀ ਇੱਕ ਟੁਣਕਾਰ ਦੇ ਪਿੱਛੋਂ।

ਲਚੀਲਾ ਬਾਂਸ ਹਾਂ ਸੰਕੋਚ ਨਾ ਕੋਈ ਲਿਫਣ ਵਿੱਚ ਮੈਨੂੰ,

ਮੈਂ ਅਕਸਰ ਉੱਠ ਜਾਂਦਾ ਹਾਂ ਹਵਾ ਦੇ ਵਾਰ ਦੇ ਪਿੱਛੋਂ।

📝 ਸੋਧ ਲਈ ਭੇਜੋ