ਦੀਵਾ ਇੱਕ ਜਗਦਾ ਪਿਆ ਏ

ਦੀਵਾ ਇੱਕ ਜਗਦਾ ਪਿਆ

ਵਰ੍ਹਿਆਂ ਦੀ ਵਾਦੀ ਵਿਚ

ਘੋਰ ਚੁਪ ਚਾਨ ਹੈ

ਉਂਝੇ ਦੀ ਉਂਝੇ ਮੈਨੂੰ

ਤੇਰੀ ਪਹਿਚਾਨ ਹੈ

ਮੂੰਹ ਤੇਰਾ ਮਘਦਾ ਪਿਆ

ਦੀਵਾ ਇੱਕ ਜਗਦਾ ਪਿਆ

ਭੱਜ ਗਈਆਂ ਯਾਦਾਂ ਦੇ

ਖੰਡਰਾਂ 'ਚ ਘੁੰਮਦੀ ਆਂ

ਟੁੱਟ ਗਈਆਂ ਖੇਡਾਂ ਦੇ

ਕੰਕਰਾਂ ਨੂੰ ਚੁੰਮਨੀਂ ਆਂ

ਹੋਠਾਂ ਤੋਂ ਲਹੂ ਵਗਦਾ ਪਿਆ

ਦੀਵਾ ਇੱਕ ਜਗਦਾ ਪਿਆ

ਦੀਵਾ ਸਲਾਮਤ ਹੈ!

ਰੌਸ਼ਨੀ ਸਲਾਮਤ ਹੈ!

ਜਿੰਦੂ ਦਾ ਤੰਦ ਤਾਣ

ਕੁੱਲੀ ਦਾ ਕੱਖ ਕਾਣ

ਲਾਟਾਂ ਦੇ ਲੇਖੇ ਲਗਦਾ ਪਿਆ

ਦੀਵਾ ਇੱਕ ਜਾਗਦਾ ਪਿਆ

📝 ਸੋਧ ਲਈ ਭੇਜੋ