ਦੀਵਾਲੀ (1)

ਅੱਜ ਤਾਂ ਦੀਵਾਲੀ ਦਾ ਦਿਨ ਹੈ 

ਮਾਂ ਮੇਰੀ ਨੇ

ਥਾਲੀ ਵਿਚ ਟਿਕਾਏ ਦੀਵੇ ਜਗਮਗ ਕਰਦੇ

ਮੇਰਾ ਖ਼ਿਆਲ ਸੀ ਧਰੇ ਜਾਣਗੇ 

ਕੁਝ ਦੀਵੇ ਸਾਡੀ ਮਮਟੀ ਉਤੇ 

ਕੁਝ ਕਾਨਸ 'ਤੇ ਕੁਝ ਬਨੇਰੇ

ਕੁਝ ਪੁਰਾਣੀ ਖੂਹੀ ਉਤੇ, ਕੁਝ ਚੌਰਾਹੇ

ਮਾਂ ਨੇ ਜਗਮਗ ਥਾਲੀ ਚੁੱਕੀ 

ਮੈਨੂੰ ਆਪਣੀ ਉਂਗਲੀ ਲਾ ਕੇ 

ਚੌਰਾਹੇ ਤੀਕਣ ਲੈ ਆਈ 

ਇਕ ਦੀਵਾ ਮੇਰੇ ਸਿਰ ਦੇ ਆਲੇ 

ਇਕ ਦੀਵਾ ਦਿਲ ਦੇ ਕਿੰਗਰੇ 'ਤੇ 

ਕੁਝ ਮੇਰੇ ਮੋਢੇ, ਕੁਝ ਬਾਹਾਂ 'ਤੇ 

ਬਾਕੀ ਜਗਮਗ ਤਲੀਆਂ ਉਤੇ

ਵਾਂਗ ਅਸੀਸ ਮੇਰੀ ਮਾਂ ਬੋਲੀ 

ਜਾ ਮੇਰੇ ਪੁੱਤਰਾ

ਤੈਨੂੰ ਤੇਰੀ ਅੱਗ ਦੀਆਂ ਰੱਖਾਂ 

ਏਸ ਸੜਕ ਇਨ੍ਹਾਂ ਗਲੀਆਂ ਥਾਣੀ 

ਕਾਲੇ ਮੀਂਹ ਹਨੇਰੀ ਵਿਚੋਂ

ਤੂੰ ਲੰਘਣਾ ਹੈ ਜੀਉਂਦਾ-ਜਗਦਾ ਚਾਨਣ ਲੈ ਕੇ 

ਦੀਵੇ ਤੁਰਦੇ ਹੀ ਚੰਗੇ ਨੇ 

ਖੜੀ ਰੌਸ਼ਨੀ ਬੁਸ ਜਾਂਦੀ ਹੈ 

ਵੇਖੀਂ ਕਿਧਰੇ ਥਿੜਕ ਨਾ ਜਾਈਂ 

ਆਪਣੇ ਸਿਰ, ਪਿੰਡੇ ਵਿਚ ਜਗਦਾ 

ਕੋਈ ਦੀਵਾ ਬੁੱਝਣ ਨਾ ਦੇਵੀਂ 

ਸਾਰੀ ਰਾਤ ਤੂੰ ਤੁਰਨਾ ਤੁਰਨਾ

ਨਾ ਰੁਕਣਾ

ਨਾ ਮੁੜ ਕੇ ਕਦੀ ਪਿਛਾਂਹ ਵਲ ਤੱਕਣਾ

ਦੀਵੇ ਦੇ ਚਾਨਣ ਤੋਂ ਸੂਰਜ ਦੇ ਚਾਨਣ ਤਕ 

ਤੇਰਾ ਸਫ਼ਰ ਹੈ

ਜਿਥੇ ਤੇਰੀ ਇੰਤਜ਼ਾਰ ਵਿਚ ਸੂਰਜ ਬਲਦਾ

ਉਥੇ ਖੜੀ ਮਿਲਾਂਗੀ ਤੈਨੂੰ

ਜਾ ਮੇਰੇ ਪੁੱਤਰਾ

ਤੈਨੂੰ ਤੇਰੀ ਅੱਗ ਦੀਆਂ ਰੱਖਾਂ

📝 ਸੋਧ ਲਈ ਭੇਜੋ