ਦੀਵਾਲੀ (2)

ਕਾਲੀ ਰਾਤ ਦੀਵਾਲੀ 

ਦੀਵਾ ਖੰਭਾਂ ਵਾਲਾ

ਵਿਚ ਹਨੇਰੇ ਉੱਡਦਾ ਉੱਡਦਾ ਆਇਆ 

ਸਾਡੇ ਛਤ-ਬਨੇਰੇ ਜਗਮਗ 

ਦੀਪਮਾਲ ਵਿਚ ਆਣ ਬੈਠਿਆ

ਆਦਿ ਜੁਗਾਦੀ ਸਾਡੇ ਦੀਵੇ

ਚੁੱਪਚੁਪੀਤੇ ਜਾਗ ਰਹੇ ਸਨ

ਸਾਡੇ ਘਰ ਵਿਚ ਬੜਾ ਅਸੀਲ, ਘਰੇਲੂ ਚਾਨਣ

ਅਪਣੇ ਆਪ 'ਚ ਰਾਜ਼ੀ ਬਾਜ਼ੀ

ਏਸ ਉੱਡਦੇ ਦੀਵੇ ਨੇ

ਕੁਝ ਐਸੀ ਘੁਸਮੁਸ ਕੀਤੀ

ਅਚਨਚੇਤ ਸਾਡੇ ਸਭ ਦੀਵੇ ਬੋਲਣ ਲੱਗੇ

ਇਕ ਦੂਜੇ ਦੇ ਨਾਲ ਜੋੜ ਕੇ ਚੁੰਝਾਂ ਕਰਨ ਸਲਾਹਾਂ 

ਚਿਣਗਾਂ ਵਾਂਗੂੰ ਨਿੱਕਾ ਨਿੱਕਾ ਕੂੰਦੇ

ਵਿਚ ਵਿਚ ਮਾਰ ਭਮਾਕਾ 

ਅਪਣੇ ਆਪ ਤੋਂ ਉੱਚਾ ਉਠਦੇ

ਇਸ ਬੋਲੀ ਦੀ ਸਾਨੂੰ ਤਾਂ ਕੁਝ ਸਮਝ ਨਾ ਆਏ 

ਤਾਂ ਵੀ ਇਤਨਾ ਜਾਣ ਗਏ ਸਾਂ

ਹੁਣ ਇਹ ਨਹੀਂ ਅਸੀਲ ਪਾਲਤੂ ਪਹਿਲਾਂ ਵਰਗੇ 

ਹੁਣ ਸਾਡੇ ਘਰ ਹਰ ਦੀਵੇ ਨੂੰ

ਦੂਰ ਦਿਸਾਵਰ ਉੱਡ ਜਾਵਣ ਦੀ ਤਿੱਖੀ ਤੇਹ ਹੈ 

ਹਰ ਚਾਨਣ ਨੂੰ ਅਪਣੇ ਵਿਚੋਂ 

ਪੰਖ ਨਿਕਲਦੇ ਜਾਪ ਰਹੇ ਨੇ 

ਤਿੱਖੀਆਂ ਤਿੱਖੀਆਂ ਹੋਣ ਸਲਾਹਾਂ 

ਚਿਣਗਾਂ ਹੋਰ ਉਚੇਰੇ ਚੂਕਣ 

ਹੁਣ ਨਹੀਂ ਦੀਵੇ ਪਾਲ 'ਚ ਬੈਠੇ 

ਚੋਗਾਂ ਚੁਗਦੀਆਂ ਚਿੜੀਆਂ ਵਾਂਗੂੰ 

ਨੰਨ੍ਹੀਆਂ ਮੁੰਨੀਆਂ ਹਿੱਲਣ ਲਾਟਾਂ 

ਅੱਜ ਕਲ੍ਹ ਇਹਨਾਂ ਉੱਡ ਜਾਣਾ ਹੈ 

ਕਾਲੇ ਅੰਬਰ ਦੇ ਵਿਚ ਲੀਕਾਂ ਵਾਹੁੰਦੇ

ਪਤਾ ਨਹੀਂ ਕਿਹੜੀ ਛਤਨਾਰ ਤੇ ਇਹ ਬੈਠਣਗੇ

📝 ਸੋਧ ਲਈ ਭੇਜੋ