ਮੇਰੇ ਸਾਰੇ ਬੂਹੇ ਬਾਰੀਆਂ ਖੋਲ੍ਹ ਦਿਓ
ਜੇਕਰ ਮੇਰੇ ਨਸੀਬ ਨਾ ਕੋਈ ਬੂਹਾ ਬਾਰੀ
ਮੇਰੀ ਵੱਖੀ ਵੱਢੋ, ਮੈਨੂੰ ਸੰਨ੍ਹ ਲਾ ਦਿਓ
ਅੱਜ ਦੀਵਾਲੀ
ਮੇਰੇ ਅੰਦਰ ਕੋਈ ਅਨਾਰ ਫੁੱਟ ਸਕਦਾ ਹੈ
ਕੋਈ ਹਵਾਈ ਅੰਦਰੋਂ ਉੱਡ ਕੇ
ਸ਼ਾਇਦ ਬਾਹਰ ਸ਼ੂਕਦੀ ਨਿਕਲੇ
ਅੰਦਰ ਦੀਪਮਾਲ ਦੀ ਸੋਭਾ ਕੋਈ ਤਾਂ ਵੇਖੇ
ਜੇ ਮੈਂ ਬੱਜਰ ਬੰਦ ਰਿਹਾ ਤਾਂ
ਅੱਗ ਦੀ ਸਾਰੀ ਮਹਿਮਾ
ਅੰਦਰ ਦੀ ਅੰਦਰ ਹੀ ਬੁਝ ਜਾਵੇਗੀ
ਦਮ ਘੁਟ ਕੇ ਮਰ ਜਾਊ ਰੌਸ਼ਨੀ
ਮੇਰੇ ਸਾਰੇ ਬੂਹੇ ਬਾਰੀਆਂ ਖੋਲ੍ਹ ਦਿਓ...