ਸੱਤ ਅੰਬਰਾਂ ਨੂੰ ਲੰਘ ਕੇ ਆਈਆਂ

ਸੱਤੀਂ ਸੁਰੀਂ ਜਗਾ ਲਏ ਜਾਦੂ

ਸੱਤੇ ਰੰਗ ਪਹਿਨ ਲਏ ਓਹਨਾਂ

ਰੂਪ ਕਿਤੋਂ ਨਾ ਊਣਾ

ਪੇਸ਼ਵਾਈ ਨਾ ਸਰੀ ਅਸਾਥੋਂ

ਦੋਵੇਂ ਹੱਥ ਹੋਏ ਬਉਰਾਨੇ

ਜਿੰਦ ਸਾਡੀ ਨੂੰ ਬਾਂਹ ਵਲਾ ਕੇ

ਕਰ ਗਈਆਂ ਕੋਈ ਟੂਣਾ

ਸੱਤੇ ਅੰਬਰ ਲੰਘ ਕੇ ਆਈਆਂ

ਸੱਤੇ ਅੰਬਰ ਲੰਘ ਕੇ ਗਈਆਂ

ਹੱਥ ਵਿਚ ਲੋਹਾ, ਹੱਥ ਵਿਚ ਪਾਰਸ

ਭੁੱਲ ਗਿਆ ਸਾਨੂੰ ਛੂਹਣਾ

ਕਿਸ ਡਾਚੀ ਮੇਰਾ ਪੁੰਨੂੰ ਖੜਿਆ

ਨੌਂ ਸੌ ਮੀਲ ਬਰੇਤਾ ਵਿਛਿਆ

ਜਿਉਂ ਜਿਉਂ ਸੱਸੀ ਜਾਏ ਅਗੇਰੇ

ਤਿਉਂ ਤਿਉਂ ਪੈਂਡਾ ਦੂਣਾ

ਅੰਦਰੇ ਅੰਦਰ ਬੱਦਲ ਘਿਰਦੇ

ਕਦੇ ਕਦੇ ਕੋਈ ਵਾਫੜ ਆਵੇ

ਦੋ ਅੱਖਾਂ ਵਿਚ ਕੇ ਲੱਥੇ

ਮੂੰਹ ਨੂੰ ਕਰ ਜਾਏ ਲੂਣਾ

ਜੁੱਗਾਂ ਜੇਡੇ ਦਿਹੁੰ ਬੀਤ ਗਏ

ਯਾਦਾਂ ਦੀ ਇਕ ਤਾਣੀ ਬੱਝੀ

ਬਹੀਏ, ਬਹਿ ਕੇ ਅੱਖਰ ਉਣੀਏ

ਹੋਰ ਅਸਾਂ ਕੀ ਕੂਣਾ !

ਆਈਆਂ, ਦੋ ਘੜੀਆਂ ਕੋਈ ਆਈਆਂ

ਸੱਤੀਂ ਸੁਰੀਂ ਜਗਾ ਲਏ ਜਾਦੂ

ਸੱਤੇ ਰੰਗ ਪਹਿਨ ਲਏ ਓਹਨਾਂ

ਰੂਪ ਕਿਤੋਂ ਨਾ ਊਣਾ

📝 ਸੋਧ ਲਈ ਭੇਜੋ