ਕਿਰ ਗਈਆਂ ਆਖ਼ਰ ਕਿਰ ਗਈਆਂ 

ਹਿਜ਼ਰ-ਪੀੜ ਦੀਆਂ ਮੁਠੀਆਂ ਵਿਚੋਂ 

ਨਿੱਘੀਆਂ ਤੇ ਮਿੱਠੀਆਂ ਦੋ ਘੜੀਆਂ।

ਦੋ ਬੁੱਤਾਂ ਹੋ ਕੋਲੋਂ ਕੋਲੀ 

ਸਾਂਝੀ ਕੀਤੀ ਭੇਤ ਦੀ ਝੋਲੀ 

ਸੁਵਾਦ-ਛੁਹਾਂ ਦੇ ਖੰਭ ਲਗਾ ਕੇ 

ਦੋ ਰੂਹਾਂ ਅਰਸ਼ਾਂ ਤੇ ਚੜ੍ਹੀਆਂ।

ਕੀ ਆਖੇ ਕੋਈ ਗੱਲ ਵਡੇਰੀ 

ਨਿੱਕਾ ਮੇਲ ਉਡੀਕ ਲੰਮੇਰੀ 

ਦੋ ਘੜੀਆਂ ਤੇ ਹਾਵੀ ਹੋਈਆਂ 

ਬੁਲ੍ਹ-ਛੋਹਾਂ ਤੇ ਗਲ ਵੱਕੜੀਆਂ।

ਭਖਦੇ ਅੰਗਾਂ ਮਘਣ ਉਮੰਗਾਂ 

ਢਿਲਕੀ ਚੋਲੀ ਤਿੜੀਆਂ ਵੰਗਾਂ 

ਗੋਰੇ ਪਿੰਡਿਆਂ ਦੇ ਲੂਆਂ 'ਚੋਂ 

ਤੀਬਰਤਾ ਖੁਸ਼ਬੋਆਂ ਝੜੀਆਂ। 

ਖੁਲ੍ਹੇ ਖਿੰਡਰੇ ਤਲਮਲਾਂਦੇ 

ਜਜ਼ਬੇ ਬੱਧੇ ਲੜ ਬੋਲਾਂ ਦੇ, 

ਸਾਹਾਂ ਵਿਚ ਸੁਲਗੀ ਕਸਤੂਰੀ 

ਨੈਣਾਂ ਸੰਗ ਬਿਜਲੀਆਂ ਲੜੀਆਂ !

ਲੂੰ ਲੂੰ ਨੇ ਉਹ ਖੁਲ੍ਹ ਸੀ ਮਾਣੀ, 

ਨਾਦ ਉਗਮਿਆ ਰਗ ਰਗ ਥਾਣੀ, 

ਪੌਣ ਹੁਲਾਰੇ ਵਾਕਣ ਝੁਲੀਆਂ 

ਤ੍ਰਿਸ਼ਨਾਵਾਂ ਜੋ ਦਿਲ ਵਿਚ ਦੜੀਆਂ।

ਐਪਰ ਓਵੇਂ ਫੇਰ ਉਦਾਸੀ

ਹੱਥੋਂ ਜਿੰਦ ਨਾ ਪਾਏ ਖਲਾਸੀ 

ਓਵੇਂ ਹਿਜ਼ਰ-ਬਲਾਂ ਦੀਆਂ ਤਪਸ਼ਾਂ

ਓਵੇਂ ਗ਼ਮ-ਕੈਦਾਂ ਦੀਆਂ ਕੜੀਆਂ।

ਦੋ ਘੜੀਆਂ ਦੋ ਫੁੱਲ ਪਿਆਰੇ 

ਦੋ ਘੜੀਆਂ ਦੋ ਨੂਰੀ ਤਾਰੇ 

ਯਾਦਾਂ ਦੀ ਮਖ਼ਮਲ ਦੇ ਉੱਤੇ 

ਲਿਸ਼ਕਣ ਹੀਰਿਆਂ ਵਾਕਣ ਜੁੜੀਆਂ।

📝 ਸੋਧ ਲਈ ਭੇਜੋ