ਦੋ ਨੈਣਾਂ ਦੀ ਜੰਗ ਸਹੇਲੀ ਤੈਨੂੰ

ਦੋ ਨੈਣਾਂ ਦੀ ਜੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ 

ਕੀਤਾ ਡਾਢਾ ਤੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ

ਅਚਨਚੇਤੀ ਜਿਹੜੀ ਬਾਂਹ ਵਿਚ ਅੱਖਾਂ ਮੀਟ ਕੇ ਪਾ ਲਈ ਸੀ 

ਡੰਗਿਆ ਓਸੇ ਵੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ

ਗੋਰੇ ਚਿੱਟੇ ਸਾਵੇ ਪੀਲ਼ੇ ਨੀਲੇ ਕਾਲ਼ੇ ਜਿਹੜੇ ਵੀ 

ਰਾਸ ਨਾ ਆਏ ਰੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ 

ਔਂਤਰ ਜਾਣੇ ਵੇਲ਼ੇ ਦਿੱਤਾ ਵੇਖ ਲੈ ਛੱਡ ਕੇ ਅੰਬਾਂ ਨੂੰ 

ਅੱਕਾਂ ਵੱਲੇ ਮੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ

ਅੰਨ੍ਹੀਆਂ ਰਸਮਾਂ ਧੱਕੇ ਦਿੱਤੇ ਲੁੱਟਿਆ ਕਾਲ਼ੀ ਚੌਧਰ ਨੇ 

ਪੱਗਾਂ ਮਾਰੇ ਡੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ

ਉਮਰਾਂ ਭਰ ਲਈ ਮੁੱਢ ਦੇ ਵੈਰੀ ਚਾਰ ਦਿਨਾਂ ਦੇ ਜੋਬਨ ਨੇ 

ਸੂਫ਼ੀ ਦਿੱਤਾ ਟੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ 

ਇੰਜ ਨਾ ਉੱਜੜੇ ਹੁੰਦੇ ਅੜੀਏ ਲੋਕਾਂ ਵਾਂਗੂੰ ਜੀਵਨ ਦਾ 

ਜਾਂਦਾ ਜੇ ਢੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ 

ਚਾਅ ਸੀ ਹੀਰ ਸਲੇਟੀ ਵਰਗੇ ਤਾਂ ਹੀ ਲੰਗੜੇ ਕੈਦੋ ਦਾ 

ਲੈ ਬੈਠਾ ਝੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ

ਜਗ ਨਜ਼ਮਾਂ ਦੀ ਰਾਣੀ ਆਖੇ ਜਾਂ ਸ਼ਹਿਜ਼ਾਦੀ ਗ਼ਜ਼ਲਾਂ ਦੀ 

ਤੱਕ ‘ਸੰਧੂ’ ਦੇ ਸੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ

📝 ਸੋਧ ਲਈ ਭੇਜੋ