ਕੋਈ ਅਚਾਨਕ ਨਜ਼ਦੀਕ ਆਇਆ ਤੇ ਚਲਾ ਗਿਆ,

ਏਦਾਂ ਹੀ ਹੁੰਦਾ ਰਿਹਾ,

ਸਾਡੀ ਜ਼ਿੰਦਗੀ ਵਿਚ ਸੂਰਜ ਵੀ ਕਾਲਖ਼ ਦੇ ਬਵੰਡਰ ਵਰਗਾ ਸੀ,

ਜੋ ਕਦੇ ਨਹੀਂ ਮੁੱਕਿਆ.....

*****

ਕਈ ਸਾਲ ਬੀਤ ਗਏ ਸੀ,

ਆਪਣੇ ਆਪ ਵਰਗਾ ਲੱਭਣ ਲਈ,

ਫੇਰ ਤੂੰ ਲੱਭੀ,

ਏਦਾਂ ਲੱਗਿਆ ਜਿਵੇਂ ਮੈਂ ਹੀ ਹੋਵਾਂ,

ਹੂਬਹੂ ਜਵਾਂ ਰੱਤੀ ਭਰ ਵੀ ਫ਼ਰਕ ਨਾ ਮਿਲਿਆ,

ਉਡੀਕ ਕਰ ਰਿਹਾ ਸੀ,

ਕੋਈ ਟੁੱਟਦਾ ਤਾਰਾ ਵੇਖਣ ਦੀ,

ਤੇ ਮੈਂ ਤੇਰੇ ਬਾਰੇ ਸੋਚ ਰਿਹਾ ਸੀ,

ਅਚਾਨਕ ਹੀ ਨਿਗਾਹ ਪੈ ਗਈ,

ਮੇਰਾ ਮੱਥਾ ਠਣਕ ਗਿਆ,

ਲੱਗਿਆ ਹੁਣ ਖੈਰ ਨਹੀਂ...

ਫਿਰ ਕੀ ਸੀ... ਉਹੀ ਹੋਇਆ,

ਜਿਸਦਾ ਡਰ ਸੀ...

ਦੋ ਪਲ ਭਰ ਆਏ ਸੀ

ਤੇ ਇੱਕ ਪਲ ਭਰ ਵਿਚ ਚੱਲੇ ਗਏ

ਇੱਕ ਦਿਨ ਬੀਤ ਗਿਆ,

ਫੇਰ ਦੂਸਰਾ ਵੀ ਬੀਤ ਗਿਆ,

ਫੇਰ ਹਫ਼ਤਾ ਵੀ ਬੀਤ ਗਿਆ,

ਕੋਈ ਫ਼ਰਕ ਨਾ ਪਿਆ ਉਹਦੇ ਜਾਣ ਨਾਲ

ਕੋਈ ਆਇਆ... ਉਹਨੇ ਹਾਲ ਪੁੱਛਿਆ,

ਮੇਰੇ ਤੋਂ ਦੱਸ ਨਾ ਹੋਇਆ,

ਉਸ ਨੇ ਮੈਨੂੰ ਪੱਥਰ ਕਰਾਰ ਦੇ ਦਿੱਤਾ,

ਮੈਂ ਪੂਰੇ ਦੋ ਸਾਲ ਪੱਥਰ ਬਣਿਆ ਰਿਹਾ,

ਜੋ ਵੀ ਕਿਹਾ ਮੈਂ ਸੁਣਦਾ ਰਿਹਾ,

ਕਿਸੇ ਨੇ ਰੱਬ ਮੰਨ ਮੈਨੂੰ ਪੂਜਿਆ,

ਪਰ ਮੈਂ ਉਸ ਦੀ ਮੰਨਤ ਨਾ ਪੂਰੀ ਕਰ ਸਕਿਆ,

ਕਰਦਾ ਵੀ ਕਿਦਾਂ ...ਮੈਂ ਤੇ ਪੱਥਰ ਸੀ

ਮੈਂ ਵੇਖਿਆ...

ਇਹ ਦੁਨੀਆਂ ਦੇ ਵੱਖਰੇ ਰਿਵਾਜ ਨੂੰ,

ਇਹ ਫੁੱਲਾਂ ਨੂੰ ਕ਼ਤਲ ਕਰ...,

ਪੁੱਤਾਂ ਦੀਆਂ ਦਾਤਾਂ ਮੰਗਣ ਤੁਰ ਪੈਂਦੇ ਨੇ,

ਏਥੇ ਲੱਖਾਂ ਵਿਚੋਂ ਇੱਕ ਬੰਦਾ ਵੀ,

ਬੜੀ ਹੀ ਮੁਸ਼ਕਿਲ ਨਾਲ ਮਿਲ਼ਦਾ ਹੈ,

ਜੋ ਰੱਬ ਦੇ ਘਰ ਜਾ ਕੁਝ ਨਹੀਂ ਮੰਗਦਾ

ਇਹਨਾਂ ਨੂੰ ਲੱਗਦਾ ਹੈ

ਕਿ ਜੇ ਰੱਬ ਨੇ ਸਾਨੂੰ ਜਿੰਦਗੀ ਦਿੱਤੀ ਹੈ,

ਉਹ ਬਾਕੀ ਸਭ ਕੁਝ ਵੀ ਦੇਵੇ,

ਇਹ ਮਨੁੱਖ ਇਹ ਭੁੱਲ ਜਾਂਦਾ ਹੈ,

ਕਿ ਜੇ ਰੱਬ ਨੇ ਹੀ ਸਾਰਾ ਕੁਝ ਦੇਣਾ ਹੈ,

ਫੇਰ ਮੈਂ ਬੰਦਾ ਥੋੜ੍ਹੀ ਆਂ,

ਬੰਦਾ ਤਾਂ ਉਹ ਹੁੰਦਾ ਜੋ ਆਪਣੇ ਆਪ ਕਰਕੇ ਖਾਵੇ

ਤੇ ਘੱਟ-ਵੱਧ ਜੋ ਵੀ ਹੈ, ਉਸ ਵਿੱਚ ਖੁਸ਼ ਹੋਵੇ,

ਬਿਨਾਂ ਕਿਸੇ ਨੂੰ ਸ਼ਕਾਇਤ ਕਰੇ,

ਜੋ ਕਿਸੇ ਤੋਂ ਮੰਗੇ,

ਉਹ ਬੰਦਾ ਥੋੜ੍ਹੀ ਆ,

ਉਹ ਤਾਂ ਕਠਪੁਤਲੀ ਆ,

ਉਹ ਤਾਂ ਖਿਡੌਣਾ ਆ....

ਡੇਢ ਕੁ ਸਾਲ ਬੀਤ ਗਿਆ,

ਪੁਰਾਣਾ ਹੋ ਗਿਆ ਮੈਂ,

ਸੁੱਟ ਦਿੱਤਾ ਗਿਆ, ਲੋਕਾਂ ਦੇ ਠੇਡੇ ਮਾਰਨ ਲਈ,

ਕੀ ਕੀਤਾ ਜਾਵੇ... ਮਨੁੱਖ ਦੀ ਫਿਤਰਤ ਹੀ ਇਸ ਤਰ੍ਹਾਂ ਦੀ ਹੈ,

ਇਹ ਪੁਰਾਣੀਆਂ ਚੀਜ਼ਾਂ ਨੂੰ ਵਾਧੂ ਸਮਝ ਸੁੱਟ ਦੇਂਦਾ ਹੈ,

ਪਰ ਯਾਦ ਰੱਖੀਂ, ਮੈਂ ਪੁਰਾਣਾ ਬੇਸ਼ੱਕ ਹਾਂ,

ਪਰ ਵਾਧੂ ਨਹੀਂ ਆ,

ਹਾੜ੍ਹੇ ਤੂੰ ਮੈਨੂੰ ਸੁੱਟ ਨਾ ਦੇਈਂ.. ਮੰਨਿਆ ਕਿ ਪੱਥਰ ਹਾਂ

ਪਰ ਹਾਂ...

ਕਿ ਇਹ ਪੱਥਰ ਵੀ ਕਦੇ ਰੱਬ ਹੁੰਦਾ ਸੀ

📝 ਸੋਧ ਲਈ ਭੇਜੋ