ਦੋ ਪੱਤੀਆਂ ਗੁਲਾਬ ਦੀਆਂ

ਔਖਾ ਇਸ਼ਕ ਦਾ ਠਾਣਾ ਵੇ

ਚੁੱਕੀ ਫਿਰੇਂ ਹੱਥ-ਕੜੀਆਂ

ਦਿਲ ਫੜਿਆ ਨਾ ਜਾਣਾ ਵੇ

ਇਕ ਜੋੜਾ ਘੁੱਗੀਆਂ ਦਾ

ਵਿੱਚੇ ਵਿਚ ਖਾ ਵੇ ਗਿਆ 

ਸਾਨੂੰ ਦੁੱਖ ਅਣਪੁੱਗੀਆਂ ਦਾ

ਕਬਰਾਂ 'ਤੇ ਅੱਕ ਉੱਗਿਆ

ਮਿੱਟੀ ਦੀਏ ਨੀ ਮੂਰਤੇ

ਤੇਰਾ ਦਾਅਵਾ ਨਾ ਪੁੱਗਿਆ

ਕੋਈ ਖ਼ਬਰ ਨਹੀਂ ਕੱਲ੍ਹ ਦੀ

ਬੈਠ ਕੇ ਪਰੋ ਲੈ ਮਣਕੇ

ਧੁੱਪ ਜਿੰਨਾ ਚਿਰ ਨਹੀਂ ਢਲਦੀ

ਖੂਹੀ ਵਿਚ ਡੋਲ ਪਿਆ

ਤਿੰਨ ਦਿਨ ਰਿਹਾ ਰੁੱਸਿਆ

ਅੱਜ ਮਾਹੀਆ ਬੋਲ ਪਿਆ

ਜਿੰਦੇ ਵੱਜਗੇ ਮਕਾਨਾਂ ਨੂੰ

ਜੇ ਦੋ ਦਿਲ ਨਾ ਮਿਲਦੇ 

ਪੈਂਦਾ ਵਖ਼ਤ ਨਾ ਜਾਨਾਂ ਨੂੰ

ਤੋਤਾ ਉੱਡ ਗਿਆ ਕਾਨਿਆਂ ਤੋਂ

ਸਾਡੇ ਨਾਲ ਲਾ ਕੇ ਅੱਖੀਆਂ

ਪਾਣੀ ਮੰਗਦਾ ਬਗਾਨਿਆਂ ਤੋਂ

ਦੀਵੇ ਚਾਹੀਦੇ ਬਨੇਰੇ ਨੂੰ

ਹੱਥ ਵਿਚ ਕਾਨੀ ਵਾਲਿਆ

ਸੰਨ੍ਹ ਲਾ ਦੇ ਹਨ੍ਹੇਰੇ ਨੂੰ

ਦੋ ਪੱਤੀਆਂ ਗੁਲਾਬ ਦੀਆਂ

ਅੱਖਰਾਂ ਚੋਂ ਅੱਗ ਸਿੰਮਦੀ

ਆਈਆਂ ਖ਼ਬਰਾਂ ਪੰਜਾਬ ਦੀਆਂ

ਪਰ੍ਹਾਂ ਰੱਖਦੇ ਕਿਤਾਬਾਂ ਨੂੰ

ਕਲੀਆਂ ਨੂੰ ਛਾਂ ਕਰ ਦੇ 

ਪਾਣੀ ਛਿੜਕ ਗੁਲਾਬਾਂ ਨੂੰ

ਪਾਣੀ ਨਦੀਆਂ ਦੇ ਚੜ੍ਹੇ ਹੋਏ

ਅਸਾਂ ਪਰਦੇਸੀਆਂ ਦੇ

ਦਿਲ ਦੁੱਖਾਂ ਨਾਲ ਭਰੇ ਹੋਏ

ਬਾਣੇ ਕੇਸਰੀ ਰੰਗਾਏ ਹੋਏ

ਖ਼ੈਰ ਹੋਵੇ ਆਸ਼ਕਾਂ ਦੀ

ਅੱਜ ਆਈ ਉੱਤੇ ਆਏ ਹੋਏ

📝 ਸੋਧ ਲਈ ਭੇਜੋ