ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ

ਰਾਮੋ ਸ਼ਾਮੋ ਧਰਮ ਦੀਆਂ ਦੋਏ ਭੈਣਾਂ ਬਣੀਆਂ

ਇਕ ਦੂਜੇ ਬਿਨ ਰਹਿੰਦੀਆਂ ਨਾ ਦੋਵੇਂ ਜਣੀਆਂ

ਡਾਢੇ ਪ੍ਰੇਮ ਪਿਆਰ ਦੀਆਂ ਇਨ੍ਹਾਂ ਤੰਦਾਂ ਤਣੀਆਂ

ਇਕ ਦੂਜੇ ਤੇ ਵਸਦੀਆਂ ਜਿਉਂ ਮੀਂਹ ਦੀਆਂ ਕਣੀਆਂ

ਚਮਕਣ ਦੋਵੇਂ ਇਸ ਤਰ੍ਹਾਂ ਜਿਉਂ ਸਪ ਦੀਆਂ ਮਣੀਆਂ

ਦੋਹਾਂ ਦੇ ਅੰਦਰ ਹੋਰ ਇਕ ਤਰਿਆਕਿਲ ਆਈ

ਉਸ ਪਲੀਤੇ ਨੂੰ ਨਿਕੀ ਜਹੀ ਤੀਲੀ ਲਾਈ

ਦੋਹਾਂ ਨੂੰ ਦਿਤਾ ਪਾੜ ਉਸ ਲਾੜੇ ਦੀ ਤਾਈ

ਇਸ ਨੂੰ ਗੱਲ ਕੋਈ ਹੋਰ ਉਸ ਨੂੰ ਹੋਰ ਸਨਾਈ

ਝਾਟੇ ਦੋਹਾਂ ਨੇ ਪੁਟ ਲਏ ਸਿਰ ਪਾਈ ਛਾਈ

ਘਰ ਆਈਆਂ ਤੇ ਦੋਹਾਂ ਦਾ ਜਦ ਗੁੱਸਾ ਢਲਿਆ

ਸਾਗਰ ਚੜ੍ਹਿਆ ਪ੍ਰੇਮ ਦਾ ਜੋ ਜਾਏ ਨਾ ਠਲਿਆ

ਦੋਹਾਂ ਨੇ ਦਿਲ ਵਿਚ ਸੋਚਿਆ ਇਸ ਭੈੜੀ ਛਲਿਆ

ਇਹ ਸਨੇਹੜਾ ਰਾਮੋ ਨੇ ਸ਼ਾਮੋ ਨੂੰ ਘਲਿਆ

ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ

📝 ਸੋਧ ਲਈ ਭੇਜੋ