ਦੀਵੇ ਸੁੱਚੀ ਸੋਚ ਦੇ, ਮਸਤਕ ਵਿੱਚ ਤੂੰ ਬਾਲ।
ਵਿਰਸਾ ਕਦਰਾਂ- ਕੀਮਤਾਂ,ਸਾਹਾਂ ਵਾਂਗ ਸੰਭਾਲ।
ਉਹ ਜੋ ਸੱਥ ਵਿੱਚ ਆਣ ਕੇ ਹੱਸਦਾ ਤਾੜੀ ਮਾਰ।
ਅਕਸਰ ਬੈਠ ਅਛੋਪਲੇ ਰੋਂਦਾ ਜ਼ਾਰੋ ਜ਼ਾਰ।
ਉੱਚਾ ਸੀ ਉਹਦਾ ਸ਼ਮਲਾ, ਪਰ੍ਹੇ 'ਚ ਸੀ ਗੱਲਬਾਤ।
ਹਾਰ ਗਿਆ ਔਲਾਦ ਤੋਂ, ਕਿੰਝ ਖੋਲ੍ਹੇ ਜਜ਼ਬਾਤ।
ਉੱਚੀ – ਨੀਵੀਂ ਜਾਤ ਨਾ ਸਭ ਥਾਂ ਵੱਸੇ ਆਪ।
ਖ਼ਲਕਤ ਪਰਜਾ ਰੱਬ ਦੀ ਸਭ ਦਾ ਇੱਕੋ ਬਾਪ।
ਅਸੀਂ ਤਾਰੂ ਪੰਜ ਦਰਿਆ ਦੇ, ਸਾਡੇ ਜਿਗਰੇ ਨੇ ਫੌਲਾਦ।
ਅਸੀਂ ਵਿੱਚ ਮੈਦਾਨੇ ਜਿੱਤਦੇ, ਤੇ ਜੰਮੇ ਧੁਰੋਂ ਅਜ਼ਾਦ।
ਅੰਨਿਆਂ ਫੜੇ ਬਟੇਰ ਨੇ, ਕੰਘੀ ਗੰਜੇ ਹੱਥ।
ਵੇਖੋ ਇਸ ਨਿਜ਼ਾਮ ਨੂੰ, ਕੋਈ ਨਾਂ ਪਾਵੇ ਨੱਥ।
ਆਲੀਸ਼ਾਨ ਇਮਾਰਤਾਂ ਵੱਡੇ ਕਾਰੋਬਾਰ।
ਸਭ ਕੁਝ ਵੱਡਾ ਹੋ ਗਿਆ ਪਰ ਬੌਣੇ ਕਿਰਦਾਰ।
ਸਦੀਆਂ ਤੋਂ ਜਰਵਾਣਿਆਂ, ਕੀਤਾ ਏ ਬਰਬਾਦ।
ਪੰਜ-ਆਬਾਂ ਦੀ ਧਰਤ ਪਰ, ਫਿਰ ਵੀ ਹੈ ਆਬਾਦ।
ਸਾਨੂੰ ਘੂਰੇ ਜ਼ਿੰਦਗ਼ੀ, ਸੁਬ੍ਹਾ ਦੁਪਹਿਰੇ ਸ਼ਾਮ।
ਅਸੀਂ ਹਾਂ ਕਰਦੇ ਮਸ਼ਕਰੀ, ਉਸਨੂੰ ਖੁਲ੍ਹੇ ਆਮ।
ਹਾਲ ਕਿਸੇ ਨਾ ਪੁੱਛਿਆ ਮਾਰੂਥਲ ਵਿਚਕਾਰ।
ਆਖ਼ਰ ਛਾਲਾ ਪੈਰ ਦਾ ਰੋਇਆ ਭੁੱਬਾਂ ਮਾਰ।
ਹਿੰਦੂ, ਬੋਧੀ ਹਾਂ ਬਣੇ, ਸਿੱਖ ਜਾਂ ਮੁਸਲਮਾਨ।
ਸਭ ਤੋਂ ਔਖਾ ਬੰਦਿਆ, ਬਣਨਾ ਹੈ ਇਨਸਾਨ।
ਹੋਇਆ ਮੁਸ਼ਕਲ ਲੱਭਣਾ ਭੀੜਾਂ ਚੋਂ ਇਨਸਾਨ।
ਹਰਦਮ ਰਹਿੰਦਾ ਬੁੱਕਦਾ ਜ਼ਿਹਨ ਵਿੱਚ ਸ਼ੈਤਾਨ।
ਹੋਏ ਖ਼ੂਨ ਸਫੈਦ ਨੇ, ਕੈਸੀ ਆਈ ਰੁੱਤ।
ਕਿੱਦਾਂ ਰਿਸ਼ਤੇ ਸਾਂਭ ਲਊ, ਜੋ ਪੈਸੇ ਦਾ ਪੁੱਤ।
ਕਹਿਣ ਤਰੱਕੀ ਕਰ ਲਈ ਸ਼ੱਕੀ ਨੇ ਕਿਰਦਾਰ।
ਬਿਰਧ ਘਰਾਂ ਵਿੱਚ ਰੌਣਕਾਂ ਟੁੱਟੇ ਘਰ-ਪਰਿਵਾਰ।
ਕਹਿੰਦੇ ਵਸਤਾਂ-ਟੁੱਟੀਆਂ, ਘਰ ਤੋਂ ਰੱਖੋ ਬਾਹਰ ।
ਟੁੱਟਿਆ ਆਪਾ ਅੰਦਰੋਂ, ਕਿੱਥੇ ਧਰੀਏ ਯਾਰ !
ਕਰੀਏ ਗੱਲ ਵਿਚਾਰ ਕੇ ਬਣੀਏ ਨਾ ਮੂੰਹ ਫੱਟ ।
ਢਾਈ ਇੰਚ ਦੀ ਜੀਭ ਜੋ ਲਾਉਂਦੀ ਡੂੰਘੀ ਸੱਟ ।
ਕਾਬਜ਼ ਧਰਤ- ਆਕਾਸ਼ 'ਤੇ, ਲੋਭੀ ਹੈ ਇਨਸਾਨ।
ਦੱਸੋ ਭਲਾ ਪਰਿੰਦਿਆਂ, ਵੰਡਿਆ ਕਦ ਅਸਮਾਨ।
ਕਿੱਦਾਂ ਸੱਚ ਲੁਕਾਏਂਗਾ, ਸਦਾ ਨਾ ਚੱਲੇ ਗੱਪ ।
ਰੱਸੀ ਦਾ ਬਣਦਾ ਨਹੀਂ, ਕਿਸੇ ਵੀ ਸੂਰਤ ਸੱਪ।
ਖਿੱਚੀ ਸੀ ਜੋ ਗੋਰਿਆਂ ਵਾਹਗੇ ਵਾਲੀ ਲੀਕ।
ਚਿਰ ਹੋਇਆ ਨਾ ਥੰਮ੍ਹੀਆਂ ਚੀਸਾਂ ਹਾਲੇ ਤੀਕ।
ਗੰਗਾ ਲਾ ਕੇ ਡੁੱਬਕੀ, ਕਦੇ ਨਾ ਧੁਪਣੇ ਪਾਪ।
ਜੇ ਨੀਅਤ ਵਿਚ ਖੋਟ ਨੇ, ਕੰਮ ਕਿਸੇ ਨਾ ਜਾਪ।
ਘਰ ਸੰਪੂਰਨ ਹੋਣ ਨਾ, ਸੀਮਿੰਟ ਇੱਟਾਂ ਨਾਲ।
ਜੀਆਂ ਦੇ ਇਤਫ਼ਾਕ ਨੂੰ, ਸਾਹਾਂ ਵਾਂਗ ਸੰਭਾਲ।
ਚੰਨ ਤੋਂ ਪਰ੍ਹੇ ਵੀ ਜਾਣ ਦੀ, ਲਈ ਤਿਆਰੀ ਖਿੱਚ।
ਐਪਰ ਆਦਮ ਜਾਤ ਦਾ, ਮੋਹ ਨਾ ਆਪਸ ਵਿੱਚ।
ਛੱਡ ਹਾਕਮ ਦੀ ਚਾਕਰੀ, ਏਨਾ ਕੁਫ਼ਰ ਨਾ ਤੋਲ।
ਜਿਉਂਦੇ ਜੁੱਗਾਂ ਤੀਕ ਨੇ, ਧੁਖਦੇ ਜਿਹੜੇ ਬੋਲ।
ਟੁੱਟੇ ਮਾਸ ਨਾ ਨਹੁੰ ਤੋਂ, ਕਹਿਣ ਸਿਆਣੇ ਠੀਕ।
ਖਿੱਚੇਂਗਾ ਦੱਸ ਕਿਸ ਤਰ੍ਹਾਂ, ਪਾਣੀ ਉੱਤੇ ਲੀਕ।
ਡਰ ਕੇ ਲੁਕਿਆ ਸੱਚ ਹੈ, ਝੂਠ ਪਸਾਰੇ ਪੈਰ।
ਲੁੱਚੇ ਬੈਠਣ ਤਖ਼ਤ ਤੇ, ਸਾਊ ਮੰਗਣ ਖੈਰ।
ਤਾਨਾਸ਼ਾਹੀ ਸਿਖਰ ਤੇ,ਉੱਲਟੇ ਸਾਰੇ ਕਾਜ।
ਤਾਲੇ ਸਭ ਦੀ ਜੀਭ ਨੂੰ, ਓਂਵ ਲੋਕਾਂ ਦਾ ਰਾਜ।
ਤੂੰ ਪੁੱਛਦੀ ਜੋ,ਤੇਰੇ ਬਾਝੋਂ ਹਾਲ ਪੁੱਛੇ ਹੁਣ ਕਿਹੜਾ।
ਤੇਰੇ ਬਾਝੋਂ ਸੁੰਨਾ ਮਾਏਂ ਪਿੰਡ ਦੇ ਘਰ ਦਾ ਵਿਹੜਾ।
ਪਾਣੀ ਰੁੱਖ ਤੇ ਹਵਾ ਦੀ ਜੇ ਨਾ ਕਰੀ ਸੰਭਾਲ।
ਲੱਖ ਖ਼ਜ਼ਾਨੇ ਸਾਂਭ ਲੈ ਹੋ ਜਾਣਾ ਕੰਗਾਲ।
ਪੈਪਸੀ - ਕੋਲਾ ਪੀ ਕੇ ਮਿਟ ਨਾ ਸਕੀ ਪਿਆਸ।
ਪਾਣੀ ਪੀਤਾ ਘੜੇ ਦਾ ਖਿੜਿਆ ਚਿੱਤ ਉਦਾਸ।
ਬੱਚਾ ਪਿਓ ਹੈ ਬਾਪ ਦਾ, ਪੁੱਛਿਆਂ ਕਰੇ ਸਵਾਲ।
ਹੱਕਾਂ ਲਈ ਸੁਚੇਤ ਹੈ, ਲੱਗਣ ਫ਼ਰਜ਼ ਜੰਜਾਲ।
ਬੈਠਾ ਮੱਲ ਜ਼ਮੀਨ ਜੋ, ਸਮਝੇ ਮੈਂ ਧਨਵਾਨ।
ਦੋ ਗਜ਼ ਹਿੱਸੇ ਆਂਵਦੀ, ਉਹ ਵੀ ਵਿੱਚ ਸ਼ਮਸ਼ਾਨ।
ਬੋਲੀ ਦੇਸ ਪੰਜਾਬੀ ਦੀ, ਜਿਉਂ ਮਸਤਾਨੀ ਤੋਰ।
ਸਾਡੇ ਸਾਹੀਂ ਵੱਸਦੀ, ਇਸ ਦੇ ਤੁਲ ਨਾ ਹੋਰ।
ਬੋਲੇ ਹਰਫ਼ ਪਿਆਰ ਦੇ, ਰੱਖੇ ਗੁਣ- ਤਾਸੀਰ।
ਹੁੰਦੀ ਐਸੇ ਸ਼ਖਸ ਦੀ , ਖ਼ਾਬਾਂ ਦੀ ਤਾਬੀਰ।
ਮਘਦੀ ਰੱਖੀਂ ਤੂੰ ਸਦਾ, ਅਣਖਾਂ ਵਾਲੀ ਅੱਗ।
ਕਦੇ ਘਿਓ ਨਾ ਖਾਈਦਾ, ਹੱਥੀਂ ਵੇਚ ਕੇ ਪੱਗ।
ਮਨ ਤੋਂ ਮੰਨੀ ਹਾਰ ਨਾ, ਜਜ਼ਬਾ ਰੱਖ ਚਟਾਨ।
'ਮਨਿ ਜੀਤੈ ਜਗੁ ਜੀਤੁ ਹੈ', ਗੁਰੂਆਂ ਦਾ ਫੁਰਮਾਨ।
ਮੰਡੀ ਦੇ ਇਸ ਦੌਰ ਵਿੱਚ, ਰਿਸ਼ਤੇ ਹੋਏ ਚੌੜ।
ਪੈਸਾ ਸਭ ਦਾ ਪੀਰ ਹੈ, ਲੱਗੀ ਚੂਹਾ ਦੌੜ।
ਮੁਰਦੇਹਾਣੀ ਹੋਰ ਕੀ, ਵੱਡਿਆਂ ਦੀ ਨਾ ਪੁੱਛ।
ਬਿਰਧ-ਘਰਾਂ ਵਿਚ ਰੌਣਕਾਂ, ਕਾਹਦੀ ਕੁੰਢੀ ਮੁੱਛ।
ਰਾਜੇ ਨੂੰ ਸ਼ੀਂਹ ਕਹਿਣ ਦਾ, ਦਮ ਨਾ ਸਾਡੇ ਕੋਲ।
ਬਾਬਾ ਜੋ ਤੂੰ ਆਖਿਆ, ਕੌਣ ਪੁਗਾਵੇ ਬੋਲ।
ਰੂਹ ਦੇ ਰਿਸ਼ਤੇ ਉੱਡ ਗਏ, ਮੂੰਹ ਬੋਲੇ ਨੇ ਲੱਖ।
ਬਾਹਰੋਂ ਸਕੇ- ਸੋਧਰੇ , ਅੰਦਰੋਂ ਵੱਖੋ-ਵੱਖ।
ਵਾਹ ਓਏ ਮੇਰੇ ਮਾਲਕਾ,ਤੰਤਰ ਹੋਇਆ ਫੇਲ।
ਕਾਤਲ ਬੈਠੇ ਤਖ਼ਤ ਤੇ,ਪਏ ਬਿਦੋਸੇ ਜੇਲ੍ਹ।
ਵੇਖ ਮਾਨਵ ਖਾ ਰਿਹਾ ਇਕ ਦੂਜੇ ਨੂੰ ਤੋੜ।
ਗਿਰਝਾਂ ਇਹ ਕਹਿ ਉੱਡੀਆਂ ਹੁਣ ਨਾ ਸਾਡੀ ਲੋੜ।