ਜੇ ਸੁਫਨੇ ਤੂੰ ਮਾਰ ਲੇ ਠੰਢੇ ਜਲ ਵਿਚ ਡੋਬ
ਔਖਾ ਹੋ ਜੂ ਚੁੱਕਣਾ ਸਿਰ ਆਪਣੇ ਦਾ ਬੋਝ
ਜੇ ਉਸਤਤ ਨਾ ਕਰ ਸਕੇਂ ਮੰਦਾ ਬੋਲ ਨਾ ਬੋਲ
ਮੰਦਾ ਚੰਗਾ ਅੰਤ ਨੂੰ ਪੈਣਾ ਤੇਰੀ ਝੋਲ਼
ਤੂੰ ਕਿਸ ਦੀ ਰਾਹ ਵੇਖਦੀ ਜਾਗੀ ਸਾਰੀ ਰਾਤ
ਸੁਪਨਾ ਨੀਂਦ ਉਡੀਕਦਾ ਕਰ ਗਿਆ ਆਤਮਘਾਤ
ਭੇਦ ਨਾ ਖੁੱਲ੍ਹੇ ਕਦੇ ਜੋ ਆਖਿਰ ਜਾਂਦਾ ਮਿਟ
ਬੰੰਦ ਨਾ ਹੋ ਕਿ ਦਿਸੇ ਨਾ ਕੁਝ ਵੀ ਤੇਰੇ ਵਿਚ
ਭੁਲ ਕੇ ਜੂਠਾ ਪੀ ਲਿਆ ਨਾ ਕਰ ਦਿਲ ਦਿਲਗੀਰ
ਤੇਰੀ ਅੱਖ ਚ ਆਣ ਕੇ ਸੁੱਚਾ ਹੋ ਗਿਆ ਨੀਰ
ਰਿਸ਼ਤਾ ਸੱਚੇ ਪਿਆਰ ਦਾ ਪਾਣੀ ਕੋਲੋਂ ਸਿੱਖ
ਜਿਸ ਭਾਂਡੇ ਵਿਚ ਗੰਧਲੇ ਨਿੱਤਰੇ ਓਸੇ ਵਿਚ
ਕੱਠੇ ਰਹਿ ਕੇ ਛੱਡ ਗੇ ਕੁੱਤਾ ਬਿੱਲੀ ਵੈਰ
ਨਰ ਨਾਰੀ ਕਿਉਂ ਹੋ ਗਏ ਇਕ ਦੂਜੇ ਤੋਂ ਗੈਰ
ਇਕ ਆਪਣਾ ਨੌਂ ਕਿਸੇ ਦੇ ਦਸਾਂ ਨੌਹਾਂ ਦੀ ਕਿਰਤ
ਜੇ ਤੂੰ ਸਾਰੀ ਸਾਂਭ ਲੀ ਚੋਰਾਂ ਦਾ ਤੂੰ ਮਿੱਤ
ਬੂੰਦ ਕਿਸੇ ਦੇ ਖੂਨ ਦੀ ਮੈਂ ਵਿਚ ਮਿਲੀ ਜ਼ਰੂਰ
ਜਾਮ ਭਿੜਾਏ ਖੁਸ਼ੀ ਨਾਂ ਹੋ ਗਏ ਚਕਨਾਚੂਰ
ਅੱਧ ਅਸਮਾਨੋਂ ਡਿੱਗਿਆ ਅਟਕਿਆ ਵਿਚ ਖਜੂਰ
ਹੌਲੀ ਹੌਲੀ ਉਤਰ ਪਾ ਬਹਿ ਟੀਸੀ ਨਾ ਝੁਰ
ਟਪਦਾ ਸੂਏ ਕੱਸੀਆਂ ਗਿਆ ਸਮੁੰਦਰ ਟੱਪ
ਵੱਡੀ ਛਾਲ ਜੇ ਮਾਰੀਏ ਵੱਡੀ ਲਗਦੀ ਸੱਟ
ਪਹਿਲੀ ਮਿਲ਼ਣੀ ਰੱਖ ਲੇ ਅੱਖਾਂ ਉਤੇ ਹੱਥ
ਅੱਖਾਂ ਤਲ਼ੀਆਂ ਪਾੜ ਕੇ ਲਿਆ ਸੱਜਣ ਨੂੰ ਤੱਕ
ਸੋਨਾ ਕੰਤੀ ਜਸ ਮਿਲੇ ਫਿਰ ਵੀ ਖੁੱਲ੍ਹੇ ਹਥ
ਬਹਿ ਅਜਮੇਰਾ ਸੋਚ ਤੂੰ ਕੀ ਹੈ ਤੇਰਾ ਸੱਚ
ਦਾਹੜੀ ਮੁੱਛਾਂ ਭਿੱਜੀਆਂ ਬਰਫ ਚ ਖੁੱਭੀ ਲੱਤ
ਲੋਕੀਂ ਆਖਣ ਜਾ ਪਿਆ ਸੁਰਗਾਂ ਦੇ ਵਿਚ ਜੱਟ
ਪੰਜ ਦਿਨ ਨੱਸਿਆ ਕੰਮ ਨੂੰ ਛੇਵੇਂ ਦਿਨ ਸਟੋਰ
ਸੱਤਵਾਂ ਕੱਢਿਆ ਝੂਰ ਕੇ ਮੈਂ ਬੰਦਾ ਨਾ ਢੋਰ
ਮਾਂ ਦਾ ਬੂਹਾ ਖੋਲ੍ਹਿਆ ਵਰ੍ਹਿਆਂ ਪਿੱਛੋਂ ਆਣ
ਹੱਡੀਆਂ ਦੀ ਮੁੱਠ ਸ੍ਹਾਮਣੇ ਖੁੱਲੀ੍ਹ ਪੋਥੀ ਵਾਂਗ
ਬੁੱਕਲ਼ ਦੇ ਵਿਚ ਲੈ ਲਿਆ ਨਿੱਕਾ ਟਾਪੂ ਵੇਖ
ਟਾਪੂ ਕਹੇ ਮੈਂ ਡੁੱਬਿਆ ਚੜ੍ਹੇ ਸਮੁੰਦਰ ਹੇਠ
ਬਰਫ ਦੇ ਫੁੱਲਾਂ ਹੇਠ ਸੀ ਛੁਪਿਆ ਤੇਰਾ ਪਿਆਰ
ਵਿਥਿਆ ਸਾਰੀ ਕਹਿ ਗਿਆ ਹੌਕਾ ਠੰਢਾ ਠਾਰ
ਜਲ ਸੀ ਪਾਉਣਾ ਫੁੱਲ ਨੂੰ ਪਾਇਆ ਵਿਚ ਸ਼ਰਾਬ
ਰੁੱਸ ਕੇ ਭੁੰਜੇ ਡਿਗਿਆ ਸੂਹਾ ਫੁੱਲ ਗੁਲਾਬ
ਨਸ਼ਤਰ ਖੁੰਢਾ ਹੋ ਗਿਆ ਉਂਗਲਾਂ ਗਈਆਂ ਹੰਭ
ਤਿਲ ਤਿਲ ਗੰਢਾ ਕੱਟਿਆ ਕੱਟ ਨਾ ਸਕਿਆ ਗੰਧ
ਵਿਚ ਬਿਨੰਤੀ ਜੁੜ ਗਏ ਸਦਾ ਲਈ ਜੇ ਹਥ
ਤੂੰ ਅਜਮੇਰਾ ਰਹੇਂਗਾ ਖਾਲੀ ਹਥ ਮਨੁੱਖ
ਕਦ ਤੱਕ ਬੱਤੀ ਮੋਮ ਦੀ ਨਿਭਣੀ ਤੇਰੇ ਨਾਲ਼
ਤੂੰ ਅਜਮੇਰਾ ਤਲ਼ੀ ਤੇ ਲਾਟ ਗੁਲਾਬੀ ਬਾਲ਼