ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ,

ਕਿਹੜੀ ਗੱਲੋਂ ਰਿਹਾਂ ਏਂ ਤੂੰ ਝੂਰ ।

ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ,

ਮਾਂਗ ਮੇਰੀ ਮੰਗਦੀ ਸੰਧੂਰ ।

ਸੁੱਤੇ ਸੁੱਤੇ ਪਏ ਦੀ ਤਾਂ ਨੀਂਦ ਤੇਰੀ ਟੁੱਟ ਜਾਂਦੀ,

ਹੋਈ ਸੀ ਮੈਂ ਜਿੱਦੇਂ ਦੀ ਜੁਆਨ ।

ਕਿਉਂ ਜੋ ਸਰਮਾਏਦਾਰੀ ਦੌਰ ਵਿਚ ਬੜਾ ਔਖਾ,

ਸਾਂਭਣਾ ਵੇ ਧੀਆਂ ਨੂੰ ਈਮਾਨ ।

ਡੱਕ ਨਾ ਨੀ ਮਾਏ ਸਾਨੂੰ ਸੁੱਚੀਆਂ ਸੁੰਗਧੀਆਂ ਨੂੰ,

ਆਇਆ ਮੇਰੀ ਆਸ ਉੱਤੇ ਬੂਰ ।

ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,

ਮਾਂਗ ਮੇਰੀ ਮੰਗਦੀ ਸੰਧੂਰ ।

ਸੱਚੀ ਸੁੱਚੀ ਚੁੰਨੀ ਤੇਰੀ ਸੁਣ ਮੇਰੀ ਅੰਮੀਏ ਨੀ,

ਸਾਡਾ ਹੈ ਸੀ ਆਲ੍ਹਣਾ ਬਣੀ ।

ਸਾਡੇ ਜਿੰਨਾ ਪਿਆਰ ਨੀ ਹੰਢਾ ਨਾ ਸਕੇ ਮਾਏ ਕੋਈ,

ਹੋਵੇ ਭਾਵੇਂ ਲਖਾਂ ਦਾ ਧਨੀ ।

ਡੱਕੋ ਨਾ ਵੇ ਵੀਰੋ ਸਾਡੀ ਡਾਰ ਵੇ ਉਡਾਰਨਾਂ ਦੀ,

ਸਾਡੀਆਂ ਤੇ ਮੰਜਲਾਂ ਨੇ ਦੂਰ ।

ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,

ਮਾਂਗ ਮੇਰੀ ਮੰਗਦੀ ਸੰਧੂਰ ।

ਜੁੱਗ-ਜੁੱਗ ਜੀਣ ਤੇਰੇ ਪੋਤਰੇ ਤੇ ਪੋਤਰੀਆਂ,

ਖਿੜੀ ਰਹੇ ਵਿਹੜੇ ਦੀ ਬਹਾਰ ।

ਪੂੰਜੀਪਤੀ ਜੁੱਗ ਵਿਚ ਫੁੱਲਾਂ ਤੋਂ ਵੀ ਹੌਲੀ ਕੁੜੀ,

ਜਾਪਦੀ ਏ ਗੱਡੇ ਜਿਨ੍ਹਾ ਭਾਰ ।

ਕੰਡਿਆਂ ਦੇ ਉੱਤੇ ਵੀ ਤਾਂ ਬਦੋ ਬਦੀ ਹੱਸੀ ਜਾਣਾ,

ਫੁੱਲਾਂ ਦੇ ਹੈ ਚਿੱਤਾਂ ਦਾ ਗ਼ਰੂਰ ।

ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,

ਮਾਂਗ ਮੇਰੀ ਮੰਗਦੀ ਸੰਧੂਰ ।

ਇੱਕ ਤਲਵਾਰ ਮੇਰੀ ਡੋਲੀ ਵਿਚ ਰਖ ਦਿਓ,

ਹੋਰ ਵੀਰੋ ਦਿਓ ਨਾ ਵੇ ਦਾਜ ।

ਸਾਡੇ ਵੱਲ ਕੈਰੀ ਅਖ ਝਾਕ ਨਾ ਵੇ ਸਕੇ,

ਸਾਡਾ ਰਸਮੀ ਤੇ ਵਹਿਮੀ ਇਹ ਸਮਾਜ਼ ।

ਰਾਹਾਂ ਵਿਚ ਪਿੰਡ ਦਿਆਂ ਲੰਬੜਾਂ ਨੇ ਘਾਤ ਲਾਈ,

ਜੁਰਮਾਂ ਦਾ ਜਿਨ੍ਹਾਂ ਨੂੰ ਗ਼ਰੂਰ ।

ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,

ਮਾਂਗ ਮੇਰੀ ਮੰਗਦੀ ਸੰਧੂਰ ।

📝 ਸੋਧ ਲਈ ਭੇਜੋ