ਡੂੰਘੇ ਪਾਣੀ ਗੋਤੇ ਦੇਵੇ, ਘੁੰਮਣਘੇਰੀ ਦਰਦਾਂ ਦੀ ।
ਧੌਣ ਉਤਾਂਹ ਨਾਂ ਚੁੱਕਣ ਦੇਵੇ, ਪੰਡ ਵਧੇਰੀ ਦਰਦਾਂ ਦੀ ।
ਆਪਣੇ ਜਾਣ ਕੇ ਜਾਣ ਨਾ ਦੇਵਾਂ, ਗ਼ੈਰਾਂ ਦੇ ਵਲ ਇਨ੍ਹਾਂ ਨੂੰ,
ਮੈਥੋਂ ਆਪੇ ਹੋ-ਹੂ ਜਾਂਦੀ, ਟਹਿਲ ਵਧੇਰੀ ਦਰਦਾਂ ਦੀ ।
ਜਿਹੜਾ ਇਸ ਦੀ ਛਾਵੇਂ ਬਹਿੰਦਾ, ਦੁੱਖ ਦੇ ਰੋੜੇ ਖਾਂਦਾ ਏ,
'ਆਦਮ' ਨੂੰ 'ਅਬਲੀਸ' ਦਿਖਾਈ, ਕਾਠੀ ਬੇਰੀ ਦਰਦਾਂ ਦੀ ।
ਲੋਕਾਂ ਦਾ ਗ਼ਮ ਦੇਖ ਕੇ ਅੱਖ ਤੋਂ ਹੁਣ ਵੀ ਜਰਿਆ ਜਾਂਦਾ ਨਈਂ,
ਸਾਨੂੰ ਅੰਨਿਆਂ ਕਰ ਦੇਵੇ ਜਦ, ਝੁੱਲੇ ਨੇਰ੍ਹੀ ਦਰਦਾਂ ਦੀ ।
ਤਕੜੇ ਦੇ ਵਲ ਵਖ਼ਤ ਵਰਾਗੇ, ਜਾਂਦੇ ਸੁਖ ਬਣ ਜਾਂਦੇ ਨੇ,
ਮਾੜਾ ਬੰਦਾ ਬਣ ਜਾਂਦਾ ਏ, ਆਪ ਦਲੇਰੀ ਦਰਦਾਂ ਦੀ ।
ਜਦ ਮੀਹਾਂ ਨੂੰ ਗੁੱਸਾ ਆਵੇ, ਉਹ ਵੀ ਕੱਢਣ ਲਿੱਸੇ ਤੇ,
ਨੀਵੇਂ ਘਰ ਦੇ ਕੋਠੇ ਢੈ-ਢੈ, ਬਣ ਗਈ ਢੇਰੀ ਦਰਦਾਂ ਦੀ ।
ਭੁੱਲ-ਭੁਲੇਖੇ ਹੋਰਾਂ ਦੇ ਫਾਹ, ਕਿਉਂ ਸਾਡੇ ਗਲ ਪੈਂਦੇ ਨੇ,
ਸਾਨੂੰ ਸੁਖੀ ਰਹਿਣ ਨਾ ਦੇਵੇ, ਹੇਰਾ ਫੇਰੀ ਦਰਦਾਂ ਦੀ ।
ਹੌਲ ਗ਼ਮਾਂ ਦੀ ਮੱਕੜੀ ਜਿਸ ਦਿਨ, ਤਨ ਤੇ ਜ਼ਾਲਾ ਬੁਣਦੀ ਏ,
ਸੌ ਵਰ੍ਹਿਆਂ ਦੀ ਬਣ ਜਾਂਦੀ ਏ, ਰਾਤ ਹਨ੍ਹੇਰੀ ਦਰਦਾਂ ਦੀ ।
ਦੂਰ ਕਿਤੇ ਨਹੀਂ ਜਾਣਾ ਪੈਣਾ, ਲੱਸੀ ਲੈਣ ਗਵਾਂਢੀ ਨੂੰ,
'ਅਨਵਰ' ਹੋਰਾਂ ਨੇ ਘਰ ਬੰਨੀ, ਮੱਝ ਲਵੇਰੀ ਦਰਦਾਂ ਦੀ ।