ਦੂਰ ਦੇ ਢੋਲ ਵੀ

ਦੂਰ ਦੇ ਢੋਲ ਵੀ ਨਾ ਸੁਹਾਣੇ ਰਹੇ।

ਦੋਸਤ ਦੁਸ਼ਮਣ ਕਈ ਬੇ-ਪਛਾਣੇ ਰਹੇ।

ਰਾਤ ਪੁੰਨਿਆਂ ਕਦੀ ਰਾਤ ਮੱਸਿਆ ਦੀ, 

ਪੌਂ ਬਾਰਾ ਕਦੇ , ਤਿੰਨ ਕਾਣੇ ਰਹੇ ।

ਐ ਲੁਹਾਰਾਂ ਸ਼ਹਿਰ, ਐ ਸਰਾਫ਼ਾਂ ਗਲੀ, 

ਜਾਂ ਨਿਸਾਰ ਤੇਰੇ ਕਿਉਂ ਨਿਮਾਣੇ ਰਹੇ।

ਖ਼ੁਦ ਫਰਾਮੋਸ਼ ਮੈਂ ਖ਼ੁਦ ਫਰਾਮੋਸ਼ ਤੂੰ , 

ਹੋਸ਼ ਅਪਣੇ ਕਦੇ ਨਾ ਟਿਕਾਣੇ ਰਹੇ ।

ਲੋਕ ਸੂਰਜਮੁਖੀ ਲੋਕ ਚੰਦਰ ਮੁਖੀ, 

ਯਾਦ ਸਭ ਨੂੰ ਹਮੇਸ਼ਾ ਘਰਾਣੇ ਰਹੇ ।

ਜ਼ਿੰਦਗੀ ਦਾ ਸਫਰ ਹੈ ਇਹ ਕੈਸਾ ਸਫਰ, 

ਹਮਸਫਰ ਹਮਸਫਰ, ਨਾ ਪੁਰਾਣੇ ਰਹੇ।

ਵਕਤ ਮਛਲੀ ਤਰਾਂ ਉਲਟ ਚਲਦਾ ਰਿਹਾ, 

ਯਾਦ ਤੇਰੀ ਨਦੀ ਦੇ ਮੁਹਾਣੇ ਰਹੇ ।

ਜ਼ਾਬਤੇ ਤੋਂ ਪਰਾਂ ਤੇਜ਼ ਤੂਫਾਨ ਹੈ , 

ਜ਼ਾਬਤੇ ਵਿਚ ਹਮੇਸ਼ਾ ਨਿਤਾਣੇ ਰਹੇ ।

📝 ਸੋਧ ਲਈ ਭੇਜੋ