ਦੂਰ ਮੇਰੇ ਤੋਂ ਜੋ ਮੈਨੂੰ ਕਰ ਗਿਆ।
ਮੇਰੇ ਹੀ ਅੰਦਰ ਹੈ ਕਿਧਰੇ ਵਸ ਰਿਹਾ।
ਉਹ ਚਿਣਗ ਹੈ ਜਾਂ ਕਿ ਸ਼ੋਅਲਾ ਹੈ ਕੋਈ,
ਇਸ ਹਨ੍ਹੇਰੇ ਦੌਰ ਦੀ ਹੈ ਆਸਥਾ।
ਆਸੇ-ਪਾਸੇ ਮੇਰੇ ਰੌਸ਼ਨ ਹਨ ਚਿਰਾਗ਼,
ਬੇਵਜ੍ਹਾ ਫਿਰ ਕਿਉਂ ਮੇਰਾ ਦਿਲ ਧੜਕਦਾ।
ਇਕ ਦਿਨ ਮੰਜ਼ਿਲ ’ਤੇ ਪਹੁੰਚੇਗਾ ਜ਼ਰੂਰ,
ਧੂੜ ਵਿਚ ਰਾਹਵਾਂ ਦੀ ਜੋ ਵੀ ਖੋ ਗਿਆ।
ਵਹਿਮ ਹੈ ਜਾਂ ਫਿਰ ਹਕੀਕਤ ਹੈ ਕੋਈ,
ਨ੍ਹੇਰਿਆਂ ਵਿਚ ਕੀ ਹੈ ਉਹ ਜੋ ਜਗ ਰਿਹਾ।
ਮੁਕਤ ਇਸ ਭਟਕਣ ਤੋਂ ਹੋਵੇਗਾ ਕਦੋਂ,
ਇਹ ਜੋ ਸੂਰਜ ਰੋਜ਼ ਚੜ੍ਹਦਾ-ਡੁੱਬਦਾ।
ਮੈਨੂੰ ਇਹ ਦੁਨੀਆਂ ਪਛਾਣੇਗੀ ਕਦੇ,
ਇਸ ਭੁਲੇਖੇ ਵਿਚ ਜੀਵਨ ਜੀ ਲਿਆ।
ਤੇਜ਼ ਤੂਫ਼ਾਨਾਂ ਨੂੰ ਇਸਦੀ ਹੈ ਖ਼ਬਰ,
ਤਰ ਰਿਹਾ ਹੈ ਕੌਣ ਕਿਹੜਾ ਡੁੱਬਿਆ।