ਦੂਰ ਰਹਿ ਕੇ ਕੋਲ ਹੋਵਣ ਦਾ

ਦੂਰ ਰਹਿ ਕੇ ਕੋਲ ਹੋਵਣ ਦਾ ਜੋ ਇਹ ਅਹਿਸਾਸ ਹੈ ।

ਆਮ ਵਰਗੀ ਜ਼ਿੰਦਗੀ ਵਿਚ ਇੱਕ ਇਹ ਪਲ ਖਾਸ ਹੈ ।

ਸੋਚ ਵਿਚਲੀ ਭਟਕਣਾ ਜੰਮੀ ਹੀ ਮੇਰੇ ਨਾਲ ਸੀ, 

ਮੈਂ ਤਾਂ ਘਰ ਵਿਚ ਬੈਠਿਆਂ ਹੀ, ਭੋਗਿਆ ਪਰਵਾਸ ਹੈ ‌।

ਮਨ ਉਦਾਸੀ ਦੇ ਸਫ਼ਰ ਤੇ, ਠੋਕਰਾਂ ਖਾਵੇ ਜਦੋਂ, 

ਓਸ ਵੇਲੇ ਇੱਕ ਤੇਰਾ ਮਹਿਰਮਾ ਧਰਵਾਸ ਹੈ ।

ਤੇਰਿਆਂ ਹੋਠਾਂ ਚੋਂ ਕਿਰਦੇ ਸ਼ਬਦ ਮੇਰੇ ਨਾਮ ਦੇ

ਸੁਣ ਕੇ ਜਾਪੇ, ਹੋ ਗਈ, ਪੂਰੀ ਮੇਰੀ ਅਰਦਾਸ ਹੈ ।

ਇਸ਼ਕ ਵਾਲੀ ਲੋਰ ਵਰਗਾ, ਹੋਰ ਕੋਈ ਵੀ ਨਸ਼ਾ, 

ਨਾ ਮਿਲੇ ਮਹਿਖਾਨਿਆਂ ਚੋਂ, ਇਹ ਮੇਰਾ ਵਿਸ਼ਵਾਸ ਹੈ ।

ਹੁਣ ਕਿਸੇ ਨੂੰ ਜੰਗਲਾਂ ਦੇ ਵਿੱਚ ਕਾਹਤੋਂ ਭੇਜਣਾ, 

ਹੁਣ ਤਾਂ ਘਰ ਦੀ ਚਾਰਦੀਵਾਰੀ ਵੀ ਇੱਕ ਬਨਵਾਸ ਹੈ ।

ਜਿਸ ਤਰਾਂ ਰੋਹੀ ਨੂੰ ਮਾਨਣ, ਭੱਖੜੇ, ਥੋਰਾਂ, ਮਲ੍ਹੇ

ਉਸ ਤਰਾਂ ਸ਼ਾਇਰ ਨੂੰ ਲੱਗਦੈ ,ਹਿਜਰ ਆਇਆ ਰਾਸ ਹੈ ।

📝 ਸੋਧ ਲਈ ਭੇਜੋ