ਦੂਤੀ ਗੱਲਾਂ ਮਾਰੇਗਾ ।
ਆਸ਼ਕ ਆਪਾ ਵਾਰੇਗਾ।
ਪੈਲਾਂ ਪਾਂਦੇ ਜਾਵਾਂਗੇ
ਜਦ ਕ਼ਾਤਿਲ ਵੰਗਾਰੇਗਾ।
ਹਥ ਨਾ ਆਈਂ ਵਾਇਜ਼ ਦੇ
ਉਹ ਹੱਥਾਂ ਤੇ ਚਾਰੇਗਾ।
ਮਰਦੈ ਰੋਜ਼ ਹਸੀਨਾਂ ਤੇ
ਇਹ ਦਿਲ ਮੈਨੂੰ ਮਾਰੇਗਾ।
ਮੌਤ ਸਹੇੜੇਗਾ ਕਿਹੜਾ
ਤੈਨੂੰ ਕੌਣ ਵਸਾਰੇਗਾ ?
ਆਸ਼ਿਕ ਭਾਵੇਂ ਜਿਤ ਜਾਵੇ
ਆਸ਼ਿਕ ਫਿਰ ਵੀ ਹਾਰੇਗਾ।
ਇੱਕੋ ਜਾਮ ਤਿਰਾ ਸਾਕ਼ੀ
ਡੁਬਦੇ ਬੇੜੇ ਤਾਰੇਗਾ ।
ਪੀ ਪੀ ਕੇ ਅਗ ਨੂੰ ਆਸ਼ਿਕ
ਅਪਣਾ ਹਿਰਦਾ ਠਾਰੇਗਾ।
ਆਸ਼ਿਕ ਮਰਦੇ ਦਮ ਤੀਕਰ
ਤੇਰਾ ਨਾਮ ਪੁਕਾਰੇਗਾ ।
ਇਸ਼ਕ ਦੇ ਵਿਹੜੇ ਵੜਿਆ ਜੋ
ਮੌਤ ਨੂੰ ਵਾਜਾਂ ਮਾਰੇਗਾ ।
‘ਹਮਦਰਦਾੱ ਨਾਂਹ ਲਿਖ ਕੇ ਵੀ
ਤੇਰੇ ਚਿੱਠੇ ਤਾਰੇਗਾ ।