ਮੋਹ ਭਰੇ ਤੰਦਾਂ ਵਿੱਚ

ਸਾਹਾਂ ਨਾਲ ਉਣਿਆ

ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ

ਮੈਲੇ ਝੱਗੇ ਨਾਲ ਪਾਈ ਗਲਵੱਕੜੀ

ਦੂਸਰੇ ਘਰੋਂ ਲਿਆਂਦਾ ਫੁੱਲ ਵਾਲਾ ਬੂਟਾ

ਅਚਾਨਕ ਮਿਲਿਆ ਹਾਉਕਿਆਂ ਲਈ ਸਾਕ

ਕੁੱਦਰਤੀ ਮਸਤੀ

ਬਾਣ ਵਾਲੇ ਇੱਕ ਮੰਜ਼ੇ ਤੇ

ਪੈ ਕੇ ਹਾਸੇ ਖਿਡਾਉਂਦੀ ਦੁਨੀਆਂ

ਥਾਂ ਦੇਣ ਵਾਲਾ ਰਿਸ਼ੀ

ਬਾਂਹ ਫ਼ੜ੍ਹਨ ਵਾਲਾ ਰਾਹ

ਕੱਠੀ ਚੜਾਈ ਉਮਰ ਪੀਂਘ

ਲੁਕ 2 ਚੋਰੀ ਬੇਰ ਤੋੜਦੀ ਯਾਰੀ

ਕੱਠੇ ਪਸ਼ੂ ਚਾਰਦੇ ਗੀਤ

ਇੱਕ ਦੂਜੇ ਦੇ ਮੂੰਹ ਬੁਰਕੀਆਂ ਪਾਉਂਦੇ ਪਲ

ਬਾਹਾਂ ਬਾਹਾਂ ਪਾ ਕੇ ਮਚਲਦਾ ਸੰਸਾਰ

ਆਂਦਰਾਂ ਵਗਦਾ ਸੱਚਾ ਜੇਹਾ ਹੁੰਗਾਰਾ

ਖੂਨ ਵਰਗਾ ਰਿਸ਼ਤਾ-ਪਰਣ

ਇਨਸਾਨੀ ਪੁਲ

ਦੋ ਸਤਾਂ ਤੋਂ ਬਣਿਆ

ਪਵਨ ਉਡਾਉਣ ਵਾਲਾ ਕਾਗਤ ਦਾ ਜ਼ਹਾਜ

ਮੀਂਹ ਦੇ ਪਾਣੀ ਛੱਡੀ ਬੇੜੀ

ਛੱਪੜ ਮੱਝਾਂ ਦੀਆਂ ਪੂੰਛਾਂ ਫ਼ੜ੍ਹ ਨਾਹੁੰਦਾ ਰੱਬ

ਲਮਕਦੇ ਝੱਗੇ ਦੀ ਖੇਤ ਲੰਮੀ ਮਿਰਜ਼ੇ ਦੀ ਹੇਕ

ਕਿਤੇ 2 ਸੋਹਣੀ ਜੇਹੀ ਪਿੰਡ ਦੀ ਮਹਿਕ ਦੀ ਗੱਲ

ਤੇ ਦਿਲਾਂ ਜਾਗਦੀ ਸੱਜਰੀ ਤੜਪਨ

ਸਚਾਈ ਅਤੇ ਵਿਸ਼ਵਾਸ਼ ਦੇ

ਧੁਰੇ ਤੇ ਘੁੰਮਦੇ ਦੋ ਪਹੀਏ

ਇੱਕ ਤੋਂ ਵੱਧ ਹੋ ਕੇ ਜ਼ੋਰ ਲਾਉਣ ਵਾਲੀ

ਮੰਜ਼ਿਲ ਵੱਲ ਝਾਕਦੀ ਜੋੜੀ

ਆਂਢ-ਗੁਆਂਢ ਚੋਂ ਲੱਭਾ ਸੱਚ

ਸਕੂਲ ਅਤੇ ਕਾਲਜ ਚੋਂ ਮਿਲਿਆ ਜਮਾਤੀ

ਸਹਿਪਾਠ ਸਾਹ ਤੇ ਲਹੂ ਦਾ

ਨੌਕਰੀ ਦੀਆਂ ਕੁਰਸੀਆਂ ਚੋਂ ਲੱਭਾ ਸਹਿਕਰਮ

ਬਿਨ੍ਹਾਂ ਪੁੱਛ-ਪੜਤਾਲ

ਫ਼ੇਸ ਬੁੱਕ ਤੇ ਟੱਕਰੀ ਲਾਈਕ

ਤੇ ਮਿਲੀ ਵਾਹ 2-

40-45 ਸਾਲਾਂ ਬਾਅਦ ਲੱਭੀ ਗੁਆਚੀ ਤੜਾਗੀ

ਅੰਧੇਰੇ ਰਾਹ ਵਿੱਚ ਜਗਦੀ ਬੁਝਦੀ ਲਾਲਟੈਣ

ਸੜਕ ਕਿਨਾਰੇ ਲੱਗੀ ਟਿਊਬ

ਫੁੱਲਾਂ ਦੀ ਮਹਿਕ ਵਰਗਾ ਮਾਰਗਦਰਸ਼ਨ

ਇਕਸਾਰ ਰੁੱਚੀਆਂ ਵਾਲਾ ਗੀਤ

ਹਮਖਿਆਲ ਪੈੜਾਂ ਮਿੱਧਦਾ ਰਾਹ

ਇਕ ਦੂਸਰੇ ਨੂੰ ਸਮਰਪਿਤ ਸਾਹ

ਸਨੇਹ ਪਿਆਰ ਗਿਲੇ ਸ਼ਿਕਵੇ

ਗਰੀਟਿੰਗ ਕਾਰਡ, ਤੋਹਫ਼ੇ ਅਤੇ ਫ਼ਰੈਡਸ਼ਿਪ ਬੈਂਡ

ਜ਼ਿੰਦਗੀ ਜਿਉਣ ਲਈ ਲੱਭਾ ਆਸਰਾ

ਉਮਰਾਂ ਦੀਆਂ ਸਮੱਸਿਆਵਾਂ ਦਾ ਹੱਲ

ਸੱਤ ਰੰਗਾ ਪਤੰਗ

ਕਬਰਾਂ ਤੱਕ ਦਾ ਸਾਥ

ਹਮੇਸ਼ਾ ਦੀ ਉਡੀਕ ਤੇ ਸਹਾਰਾ

ਨੰਗ ਭੁੱਖ ਦੀ ਬੇਪ੍ਰਵਾਹੀ

ਗਲਤੀਆਂ ਸੁਧਾਰਦਾ ਅੰਬਰ

ਨਾ ਗਵਾਉਣ ਵਾਲਾ ਹੀਰਾ

ਦੋ ਸਰੀਰ ਇੱਕ ਧੜਕਦਾ ਦਿਲ

ਜਾਤ-ਪਾਤ ਤੋਂ ਰਹਿਤ

ਸਾਕਾਰ ਰੂਪ ਲੋੜ ਪੂਰਤੀ

ਮਿੱਠੇ ਪਾਣੀ ਦੀ ਛਬੀਲ

ਚੁੱਪ ਧਾਰ ਦਿਲ ਦੀਆਂ ਗੱਲਾਂ ਸੁਣਦੇ ਦੋ ਦਿਲ

ਸੰਘਣਾ ਰੁੱਖ

ਅੱਡਾ ਜਿਥੇ ਜਿੰਦਗੀ ਦੀਆਂ

ਘਟਨਾਵਾਂ ਦਾ ਫਿਕਰ ਤੇ ਜ਼ਿਕਰ

ਖੁਸ਼ਹਾਲੀ ਮੰਦਹਾਲੀ ਦੀ ਚਰਚਾ

ਖੁਸ਼ਗਵਾਰ ਜੁੰਮੇਵਾਰੀ -

ਜਿਸ ਬਿਨ ਜਿੰਦਗੀ ਨਾ

ਕਿੱਲਕਾਰੀ ਨਾ

ਜਿਹਨਾਂ ਫੁੱਲਾਂ ਬਿਨ ਧਰਤ ਫੁੱਲਕਾਰੀ ਨਾ

ਘਰ ਦੀ ਸਰਕਾਰ ਵਰਗਾ

ਅੱਧਰਿੜਕਿਆ ਦੁੱਧ

ਮਸਾਲੇਦਾਰ ਚਾਹ ਦਾ ਪਹਿਲਾ ਘੁੱਟ

ਹਿੱਕ ਨਾਲ ਲਾ ਕੇ ਰੱਖਣ ਵਾਲਾ

ਜਿੰਦਗੀ ਦੇ ਹਾਰ ਦਾ ਸੁੱਚਾ ਮੋਤੀ

ਮਾਲਾ ਦਾ ਮਣਕਾ

ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ ਵਾਲਾ ਭੇਤ

ਕਦੇ ਨਾ ਪੁਰਾਣੀ ਹੋਣ ਵਾਲੀ ਕਹਾਣੀ

ਉਮਰਾਂ ਦੀ ਮਹਿੰਗੀ ਕਮਾਈ

📝 ਸੋਧ ਲਈ ਭੇਜੋ