ਦੋਸਤਾ ਦੀਦਾਰ ਤੇਰਾ

ਦੋਸਤਾ ਦੀਦਾਰ ਤੇਰਾ ਹੋ ਗਿਆ

ਸ਼ਹਿਰ ਸਾਰੇ ਵਿੱਚ ਸਵੇਰਾ ਹੋ ਗਿਆ।

ਸਾਂਭ ਕਿ ਰੱਖ ਛੱਡਿਆ ਸੀ ਉਮਰ ਭਰ

ਵੇਖ ਦੇ ਹੀ ਦਿਲ ਬਟੇਰਾ ਹੋ ਗਿਆ।

ਰਹਿਮਤਾਂ ਦੇ ਫੁੱਲ ਬਾਗੀਂ ਖਿੜ ਪਏ

ਰੂਹ ਤੋਂ ਜਿਸ ਦਿਨ ਮੈਂ ਤੇਰਾ ਹੋ ਗਿਆ।

ਪਹਿਲੇ ਸੀ ਕਮਜ਼ੋਰ ਮੇਰਾ ਆਲ੍ਹਣਾ

ਅੱਜ ਆਲੀਸ਼ਾਨ ਡੇਰਾ ਹੋ ਗਿਆ।

ਹੁਸਨ ਹੀ ਤਾਂ ਹੈ ਗ਼ਜ਼ਲ ਇੱਕ ਦੋਸਤੋ

ਗੁਨਗੁਨਾਈ ਤਾਂ ਸਵੇਰਾ ਹੋ ਗਿਆ।

ਤੋਹਮਤਾਂ, ਹੌਕੇ, ਹਿਜਰ ਬਸ ਹੋਰ ਕੀ !

ਇਸ਼ਕ ਵਿੱਚ ਡੁੱਬਣਾ ਬਥੇਰਾ ਹੋ ਗਿਆ।

ਸਾਜਿਸ਼ੀ ਨੇ ਸਿਲਸਿਲੇ ਭੋਲ਼ਿਆ !

ਜ਼ਹਿਰ, ਮਿੱਠੇ ਵਿੱਚ ਘਨੇਰਾ ਹੋ ਗਿਆ।

ਕੌਣ ਸੀ ਆਮਦ ਜਿਹਦੀ ਹੋਈ ਜਦੋਂ

ਵੇਖ ਦੇ ! ਰੌਸ਼ਨ ਚੁਫ਼ੇਰਾ ਹੋ ਗਿਆ।

ਜ਼ੁਲਮ ਦੀ ਚੱਲੇ ਹਵਾ ‘ਉੱਪਲ’ ਜੀ ਫਿਰ

ਹਿਟਲਰੀ ਸੋਚਾਂ ਦਾ ਘੇਰਾ ਹੋ ਗਿਆ।

📝 ਸੋਧ ਲਈ ਭੇਜੋ