ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ

ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ

ਦੁਸ਼ਮਣਾਂ ਦੀ ਬੇਬਸੀ ਤਕਦਾ ਰਿਹਾਂ

ਲਗਿਐ ਹਮੇਸ਼ ਬਾਵਫ਼ਾ ਚਿਹਰਾ ਨਵਾਂ,

ਅਪਣੇ ਦਿਲ ਦੀ ਸਾਦਗੀ ਤਕਦਾ ਰਿਹਾਂ

ਉਮਰ ਭਰ ਅੱਕਿਆ ਨਹੀਂ ਮੈਂ ਪੰਧ ਤੋਂ,

ਬੇਕਲੀ ਪਰ ਰੂਹ ਦੀ ਤਕਦਾ ਰਿਹਾਂ

ਮਾਰੂ-ਥਲ ਵਿਚ ਸਾਥ ਸੰਗ ਜੋ ਛਡ ਗਿਆ,

ਕਿਸ ਤਰ੍ਹਾਂ ਦਾ ਸੰਗ ਸੀ ਤਕਦਾ ਰਿਹਾਂ

ਰੇਜ਼ੇ ਹੁੰਦਾ ਵੇਖਿਐ ਅਪਣਾ ਵਜ਼ੂਦ,

ਮੁਕ ਰਹੀ ਇਕ ਜਿੰਦੜੀ ਤਕਦਾ ਰਿਹਾਂ

ਰਾਤ ਭਰ ਇਕ ਮਹਿਕ ਜਹੀ ਖਿਲਰੀ ਰਹੀ,

ਵਿਹੜੇ ਲੱਥੀ ਚਾਨਣੀ ਤਕਦਾ ਰਿਹਾਂ

📝 ਸੋਧ ਲਈ ਭੇਜੋ