ਦੋਸਤੀ ਦੀ ਦਾਸਤਾਂ ਅੱਧੀ-ਅਧੂਰੀ ਰਹਿਣ ਦਿਹ !
ਦੁਸ਼ਮਣਾ ਮਤਲਬ ਭਰੀ ਇਹ ਜੀ-ਹਜ਼ੂਰੀ ਰਹਿਣ ਦਿਹ!
ਮਾਨਣਾ ਚਾਹੁੰਨਾਂ ਤੇਰੇ ਪੈਰੀਂ ਵਿਛੀ ਪਾਕੀਜ਼ਗੀ ,
ਐ ਮੇਰੀ ਕਵਿਤਾ ਅਜੇ ਜੁੱਤੀ-ਕਸੂਰੀ ਰਹਿਣ ਦਿਹ !
ਰਹਿਣ ਦਿਹ ਮਿਟਣਾ-ਮਿਟਾਉਣਾ, ਫੈਲਣਾ ਜਾਂ ਸਿਮਟਣਾ,
ਤੂੰ ਨਜ਼ਰ ਆਉਂਦਾ ਰਹੇਂ, ਏਨੀ ਕੁ ਦੂਰੀ ਰਹਿਣ ਦਿਹ !
ਰੁਕ ਰਤਾ ਕੁ ਸਾਂਭ’ਲਾਂ ਰੰਗਾਂ ਦੀ ਹਰ ਇੱਕ ਭਾਵਨਾ ,
ਕੁਝ ਪਲਾਂ ਲਈ ਆਪਣੇ ਮੱਥੇ ‘ਤੇ ਘੂਰੀ ਰਹਿਣ ਦਿਹ !
ਮੈਂ ਅਜੇ ਰਹਿਣਾ ਹੈ ਥੋੜ੍ਹੀ ਦੇਰ ਹੋਸ਼ਾਂ ਤੋਂ ਪਰ੍ਹੇ ,
ਤੂੰ ਅਜੇ ਦਾਨਿਸ਼ਵਰਾ; ਗੱਲਾਂ ਜ਼ਰੂਰੀ ਰਹਿਣ ਦਿਹ !
ਆਪਣੇ ਕਮਲ਼ੇ ਜਿਹੇ ਪਾਲੀ ਨੂੰ ਮੱਝੀਆਂ ਨੇ ਕਿਹਾ ,
ਜਾਗ ਵੱਡਿਆ ਰਾਂਝਿਆ; ਧੋਖੇ ਦੀ ਚੂਰੀ ਰਹਿਣ ਦਿਹ !
ਚਿਤਵਦਾ ਰੋਟੀ ਮੇਰਾ 'ਆਦੇਸ਼' ਭੁੱਖਾ ਸੌਂ ਗਿਐ ,
ਜ਼ਿੰਦਗੀ ਬਸ ਹੁਣ ਤੂੰ ਇਹ ਹਲਵਾ ਤੇ ਪੂਰੀ ਰਹਿਣ ਦਿਹ !!!!