ਮੈਂ ਵੀ ਤਾਂ ਚਾਹੁੰਦਾ ਹਾਂ

ਇਹ ਵਿਸ਼ਵਾਸ ਇੰਜ ਬਣਿਆ ਰਹੇ 

ਲੰਘਣਾ ਪੈਣਾ ਹੈ ਜੱਗ ਦੀ ਭੀੜ ਥਾਣੀ

ਸਾਫ਼ ਨੇ ਆਸਾਰ ਵੀ ਲੰਮੀ ਝੜੀ ਦੇ 

ਛਾ ਰਹੇ ਬੱਦਲ ਕਰੋਪੀ

ਵਰ੍ਹੇਗਾ ਕਹਿਰਾਂ ਦਾ ਪਾਣੀ 

ਦੋ ਸਿਰਾਂ 'ਤੇ

ਰੂਹ ਦੀਆਂ ਰਮਜ਼ਾਂ ਦੀ ਸੂਖ਼ਮ ਸਾਂਝ ਦਾ 

ਛਾਤਾ ਜਿਹਾ ਤਣਿਆ ਰਹੇ

ਮੈਂ ਵੀ ਤਾਂ ਚਾਹੁੰਦਾ ਹਾਂ

ਇਹ ਵਿਸ਼ਵਾਸ ਇੰਜ ਬਣਿਆ ਰਹੇ।

ਹਰ ਕਿਸੇ ਦੇ ਦੁੱਖ ਦੀ ਲੰਮੀ ਕਹਾਣੀ 

ਕੌਣ ਹੋਇਆ ਹੈ ਸਰਾਸਰ ਸੁਰਖ਼ਰੂ 

ਫ਼ਰਕ ਹੁੰਦਾ ਹੈ ਸਿਰਫ਼ ਪ੍ਰਕਾਰ ਦਾ

ਆਕਾਰ ਦਾ

ਏਸ ਜੱਗ-ਰਚਨਾ ਦੀ ਰੌਣਕ ਵਿਚ ਵੀ 

ਜਾਪਦੀ ਕਈ ਵਾਰ ਅਪਣੀ ਜ਼ਿੰਦਗਾਨੀ

ਪੰਧ ਇਕਲਾਪੇ ਦੇ ਮਾਰੂਥਲ ਜਿਹਾ

ਤਪਦੀਆਂ ਲੋਆਂ ਚੁਫ਼ੇਰੇ

ਲੈਣ ਭਾਂਵਲੀਆਂ ਭਟਕਦੇ ਬਾਵਰੇ ਹੋ ਹੋ ਫ਼ਿਕਰ ਦੇ ਵਾਵਰੋਲੇ

ਏਸ ਮਾਰੂਥਲ 'ਚ

ਨਖਲਿਸਤਾਨ ਵਰਗੀ ਦੋਸਤੀ ਦੀ ਰਾਜ਼ਦਾਨੀ

ਮਾਰੂਥਲ ਦਾ ਪੰਧ ਕਰਦੇ

ਇੰਜ ਨਖਲਿਸਤਾਨ ਤੇ ਸਸਤਾ ਲਿਆ ਕਰੀਏ ਕਦੀ

ਇਸਦੇ ਚਸ਼ਮੇ 'ਚੋਂ ਚੁਲੀ ਭਰ

ਪੀ ਕੇ ਮਨ ਤ੍ਰਿਪਤਾ ਲਿਆ ਕਰੀਏ ਕਦੀ

ਜਿੰਦ ਭਟਕੀ ਹੈ ਬੜਾ ਚਿਰ ਡੌਰ ਭੌਰੀ 

ਭਰਮ ਨਜ਼ਰਾਂ ਦਾ ਸਹੀ

ਸਫ਼ਰ ਵਿਚ ਦਿਸਦੀ ਰਹੇ ਅੱਗੇ ਚੰਦੌਰੀ

ਮੈਂ ਵੀ ਚਾਹੁੰਦਾ ਹਾਂ ਨਾ ਟੁੱਟੇ ਆਸ ਹੁਣ 

ਝੜੀ ਵਿਚ ਤੇ ਔੜ ਵਿਚ 

ਮੈਂ ਵੀ ਚਾਹੁੰਦਾ ਹਾਂ

ਇਵੇਂ ਬਣਿਆ ਰਹੇ ਵਿਸ਼ਵਾਸ ਹੁਣ।

📝 ਸੋਧ ਲਈ ਭੇਜੋ