ਦਰੋਣਾਚਾਰੀਆ ਦੇ ਨਾਂਅ

ਮੇਰੇ ਗੁਰਦੇਵ ! ਜੇ ਓਦੋਂ ਹੀ ਤੁਸੀਂ ਇਕ ਭੀਲ ਬੱਚਾ ਸਮਝ ਕੇ

ਮੇਰਾ ਅੰਗੂਠਾ ਕੱਟ ਦਿੰਦੇ

ਤਾਂ ਕਹਾਣੀ ਹੋਰ ਸੀ……

ਪਰ ਐਨ. ਸੀ. ਸੀ. ਵਿਚ

ਤੁਸਾਂ ਬੰਦੂਕ ਚੁੱਕਣ ਦਾ ਨੁਕਤਾ ਤਾਂ ਆਪ ਦੱਸਿਆ ਸੀ

ਕਿ ਆਪਣੇ ਦੇਸ਼ ਦੇ ਉੱਤੇ

ਜਦੋਂ ਕੋਈ ਭੀੜ ਬਣ ਜਾਵੇ

ਤਾਂ ਕੀਕਣ ਟਾਰਗਟ ਦੁਸ਼ਮਣ ਨੂੰ ਧਾਰ ਕੇ

ਤੇ ਘੋੜਾ ਨੱਪ ਦੇਣਾ ਹੈ-

ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ

ਮੇਰੇ ਗੁਰਦੇਵ !

ਆਪੂੰ ਹੀ ਤੁਸੀਂ ਦਰਯੋਧਨਾਂ ਸੰਗ ਜਾ ਖਲੋਤੇ ਹੋ

ਪਰ ਹੁਣ ਤੁਹਾਡਾ ਚੱਕਰ-ਵਯੂਹ

ਕਿਧਰੇ ਵੀ ਕਾਰਗਰ ਨਹੀਂ ਹੋਣਾ

ਤੇ ਪਹਿਲੇ ਵਾਰ ਅੰਦਰ ਹੀ

ਹਰ ਘਣਚੱਕਰ ਦਾ

ਚੁਰਾਸੀ-ਚੱਕਰ ਕੱਟਿਆ ਜਾਵੇਗਾ

ਹਾਂ, ਜੇ ਬਾਲ ਉੱਮਰੇ ਹੀ, ਤੁਸੀਂ ਇਕ ਭੀਲ ਬੱਚਾ ਸਮਝ ਕੇ

ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ…

📝 ਸੋਧ ਲਈ ਭੇਜੋ