ਛਰਛਰ ਛਰਛਰ ਵਹਿੰਦਾ ਦਰਿਆ
ਲਗਦਾ ਐ ਕੁੱਛ ਕਹਿੰਦਾ ਦਰਿਆ।
ਖ਼ਬਰੇ ਕਿਹੜੇ ਦੇਸੋਂ ਆਇਆ
ਚਲੋ ਚਲੀ ਵਿੱਚ ਰਹਿੰਦਾ ਦਰਿਆ।
ਮਾਰੂਥਲਾਂ ਦੀ ਤਪਸ਼ ਹੰਢਾਏ
ਸੜਦੀ ਧੁੱਪ ਨੂੰ ਸਹਿੰਦਾ ਦਰਿਆ।
ਉਤਰ ਪਹਾੜੋਂ ਜੋਗੀ ਆਇਆ
ਖੁੰਦਰੀਂ ਖਹਿੰਦਾ ਖਹਿੰਦਾ ਦਰਿਆ।
ਧਰਤੀ ਸਿੰਜੇ, ਅੰਨ ਉਗਾਵੇ
ਸਾਗਰ ਵੱਲ ਨੂੰ ਲਹਿੰਦਾ ਦਰਿਆ।
ਸਾਗਰ ਤੋਂ ਪਹੁੰਚੇ ਆਕਾਸ਼ੀਂ
ਛਮਛਮ ਵਰ੍ਹਦਾ ਰਹਿੰਦਾ ਦਰਿਆ।
ਫਿਤਰਤ ਇਸਦੀ ਤੁਰਦੇ ਰਹਿਣਾ
ਰੁਕਿਆ ਮਰਦਾ ਰਹਿੰਦਾ ਦਰਿਆ।
ਅੰਮ੍ਰਿਤ ਜਲ ਨੇ ਵਗਦੇ ਪਾਣੀ
ਠਹਿਰ ਕੇ ‘ਉੱਪਲ’ ਢਹਿੰਦਾ ਦਰਿਆ।