ਡੁਬਦਾ ਸੂਰਜ ਟੁੱਟਦੇ ਤਾਰੇ

ਡੁਬਦਾ ਸੂਰਜ, ਟੁੱਟਦੇ ਤਾਰੇ, ਸਾਨੂੰ ਨਾ ਦਿਖਲਾਇਆ ਕਰ।

ਆਇਆ ਕਰ ਤੂੰ ਦਿਲ ਵਿੱਚ ਸਾਡੇ, ਏਦਾਂ ਨਾ ਪਰ ਆਇਆ ਕਰ।

ਹਿਜਰ ਤੇਰੇ ਦੀ ਧੁੱਪੇ ਸੜਦੇ, ਸ਼ਾਮ ਉਮਰ ਦੀ ਹੋ ਗਈ ਹੈ,

ਕਰ ਸਕਦੈਂ ਤਾਂ ਮੂੰਹ ਤੇ ਸਾਡੇ,ਆਪਣੀ ਜੁਲਫ ਦਾ ਸਾਇਆ ਕਰ।

ਅੱਗ ਹੈਂ ਜੇ ਤਾਂ ਸਾੜ ਸੁਆਹ ਕਰ, ਅੱਗ ਦਾ ਧਰਮ ਨਿਭਾ ਦੇ ਤੂੰ,

ਪਾਣੀ ਹੈਂ ਤਾਂ, ਤ੍ਰਿਹਾਏ ਨੂੰ, ਹੋਰ ਨਾ ਤੂੰ ਤ੍ਰਿਹਾਇਆ ਕਰ।

ਲੱਖ ਵਾਰੀ ਮੈਂ ਆਖ ਰਿਹਾ ਹਾਂ, ਸਾਨੂੰ ਸਾਡੇ ਹਾਲ ਤੇ ਛੱਡ,

ਸਿਰ ਫਿਰਿਆਂ ਨੂੰ ਐਵੇਂ ਦੁਨੀਆਦਾਰੀ ਨਾ ਸਮਝਾਇਆ ਕਰ।

ਚੰਨ ਜਹੇ ਮੂੰਹ ਤੇ ਚੁੰਨੀ ਲੈ ਕੇ, ਮੱਸਿਆ ਵਰਗੀ ਰਾਤ ਜਹੀ,

ਮੂਸਾ ਵਰਗੇ ਕਮਜ਼ਰਫਾਂ ਨੂੰ, ਜਲਵਾ ਨਾ ਦਿਖਲਾਇਆ ਕਰ।

ਬੇਆਬਾਦ ਵਰਮੀਆਂ ਵਿੱਚ, ਸ਼ੂਕਣ ਲਗ ਪੈਂਦੇ ਹਨ ਨਾਗ,

ਰਾਹੇ ਰਾਹੇ ਲੰਘ ਜਾਇਆ ਕਰ, ਤੂੰ ਵੰਗਾਂ ਲਾ ਛਣਕਾਇਆ ਕਰ।

ਦਿਲ ਤੇਰੇ ਤੇ ਨਕਸ਼ ਹੈ ਜੇ, ਫਿਰ ਕਿਉਂ ਭਲਾ ਨਮਾਇਸ਼ ਇਹ,

ਆਪਣੀ ਗੋਰੀ ਬਾਂਹ ਤੇ ਸਾਡਾ ਨਾਂ ਨਾ ਤੂੰ ਲਿਖਵਾਇਆ ਕਰ।

📝 ਸੋਧ ਲਈ ਭੇਜੋ