ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ
ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ
ਓਸ ਦਾ ਲਹੂ ਜਿੱਦਾਂ ਕਾਵਾਂ ਕੁੱਤਿਆਂ ਨੇ ਪੀਤਾ ਸੀ
ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿਚ ਭੰਡ ਲੀਤਾ ਸੀ
ਮੈਨੂੰ ਤੇ ਯਾਦ ਹੈ ਅੱਜ ਵੀ ਕਿਵੇਂ ਘਰ ਨੂੰ ਹੈ ਅੱਗ ਲੱਗਦੀ
ਤੇ ਤੈਨੂੰ ਯਾਦ ਹੋਵੇਗਾ…
ਜਦੋਂ ਅਸੀਂ ਰੱਤ ਵਿਹੂਣੇ ਅਰਧ-ਧੜ ਘਰ ਘਰ ਲਿਆਏ ਸਾਂ
ਅਸੀਂ ਮਾਂ ਦੇ ਕਤਲ ਉਪਰ ਬੜਾ ਹੀ ਮੁਸਕਰਾਏ ਸਾਂ
ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ ।
ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ
ਤੇ ਠੰਡੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌਂ ਗਈ ਸੀ
ਤੇ ਜਿਸ ਨੂੰ ਯਾਦ ਕਰਕੇ ਅੱਜ ਵੀ ਮੈਂ ਚੁੱਪ ਹੋ ਜਾਂਦਾਂ
ਤੇਰੇ ਹਿੱਸੇ ਵਿਚ ਆਏ ਅਰਧ ਧੜ ਵਿਚ ਰੋਜ਼ ਖੋ ਜਾਂਦਾਂ
ਮੇਰੇ ਹਿੱਸੇ ਵਿਚ ਆਇਆ ਅਰਧ-ਧੜ ਮੈਨੂੰ ਮਾਂ ਦਾ ਨਹੀਂ ਲਗਦਾ
ਤੇ ਉਸ ਹਿੱਸੇ ਵਿਚ ਮੇਰੀ ਅਰਧ-ਲੋਰੀ ਨਜ਼ਰ ਨਹੀਂ ਆਉਂਦੀ
ਮੇਰੇ ਹਿੱਸੇ ਦੀ ਮੇਰੀ ਮਾਂ ਅਧੂਰਾ ਗੀਤ ਹੈ ਗਾਉਂਦੀ
ਤੇ ਤੇਰੇ ਅਰਧ-ਧੜ ਦੇ ਬਾਝ ਮੇਰਾ ਜੀਅ ਨਹੀਂ ਲਗਦਾ
ਮੇਰਾ ਤਾਂ ਜਨਮ ਤੇਰੇ ਅਰਧ-ਧੜ ਦੀ ਕੁੱਖ 'ਚੋਂ ਹੋਇਆ ਸੀ
ਮੇਰੇ ਹਿੱਸੇ 'ਚ ਆਇਆ ਅਰਧ-ਧੜ ਮੇਰੇ 'ਤੇ ਰੋਇਆ ਸੀ
ਤੇ ਮੈਥੋਂ ਰੋਜ਼ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ ?
ਤੇ ਤੈਨੂੰ ਯਾਦ ਕਰਕੇ ਕਈ ਦਫ਼ਾ ਤੇਰੇ 'ਤੇ ਰੋਇਆ ਸੀ
ਤੇ ਤੈਥੋਂ ਵੀ ਉਹ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ ?
ਮਾਂ ਦਾ ਕਤਲ ਤਾਂ ਹੋਇਆ ਸੀ, ਮਾਂ ਦਾ ਦਿਲ ਤਾਂ ਮੋਇਆ ਸੀ ।
ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ
ਪਰ ਤੂੰ ਅੱਜ ਫੇਰ ਮਾਂ ਦੇ ਦਿਲ ਉੱਪਰ ਵਾਰ ਕੀਤਾ ਹੈ
ਤੇ ਸੁੱਕੀਆਂ ਛਾਤੀਆਂ ਦਾ ਦੁੱਧ ਤਕ ਵੀ ਵੰਡ ਲੀਤਾ ਹੈ ।
ਪਰ ਇਹ ਯਾਦ ਰੱਖ ਮਾਵਾਂ ਦਾ ਦੁੱਧ ਵੰਡਿਆ ਨਹੀਂ ਜਾਂਦਾ
ਤੇ ਨਾ ਮਾਵਾਂ ਦੇ ਦੁੱਧ ਦਾ ਦੋਸਤਾ ਕਦੇ ਕਤਲ ਹੁੰਦਾ ਹੈ
ਇਹ ਐਸਾ ਦੁੱਧ ਹੈ ਜਿਸ ਨੂੰ ਕਦੇ ਵੀ ਮੌਤ ਨਹੀੰ ਆਉਂਦੀ
ਭਾਵੇਂ ਤਵਾਰੀਖ ਕਈ ਵਾਰ ਹੈ ਦੁੱਧ ਦਾ ਕਤਲ ਵੀ ਚਾਹੁੰਦੀ…