ਦੁੱਖ ਚੋਂ ਟਪਕਣ ਲੱਗਾ ਸੁੱਖ ਹੈ।
ਹੁਣ ਆਪਾਂ ਨੂੰ ਕਾਹਦਾ ਦੁੱਖ ਹੈ।
ਜਿਉਂ ਜਿਉਂ ਨੀਯਤ ਰੱਜਦੀ ਜਾਂਦੀ,
ਅਰਥ ਗੁਆਂਦੀ ਜਾਂਦੀ ਭੁੱਖ ਹੈ।
ਧੀਰਜਵਾਨ ਗਿਆਨੀ ਬੰਦਾ,
ਦੂਜਿਆਂ ਹਿਤ ਘਣਛਾਵਾਂ ਰੁੱਖ ਹੈ।
ਕਾਲੇ ਅਮਲਾਂ ਦੇ ਜਮਘਟ ਵਿੱਚ,
ਵਿਰਲਾ ਟਾਵਾਂ, ਉੱਜਲਾ ਮੁੱਖ ਹੈ।
ਜਾਣ ਲਈ ਜੇ ਆਇਆ ਜਗ ਤੇ,
ਐਸਾ ਮਨੁੱਖ ਵੀ ਕੈਸਾ ਮਨੁੱਖ ਹੈ।
ਜਣਦੀ ਹੈ ਜੋ ਜੁੱਗ – ਪਰਿਵਰਤਕ,
ਨਿਸਚੈ ਹੀ ਉਹ ਮੁਬਾਰਕ, ਕੁੱਖ ਹੈ।
ਜੀਵਣ ਅੰਦਰ ਦੁੱਖ ਸੁੱਖ ਦੋਵੇਂ,
ਉਸ ਉਪਰੰਤ ਤਾਂ ਸੁੱਖ ਹੀ ਸੁੱਖ ਹੈ।