ਦੁੱਖ ਹੁੰਦਾ ਏ ਫੁੱਲਾਂ 'ਤੇ ਮਰ ਜਾਂਦੇ ਨੇ
ਜਿਹੜੇ ਹਾਸੇ ਬੁੱਲ੍ਹਾਂ ’ਤੇ ਮਰ ਜਾਂਦੇ ਨੇ
ਕੁਝ ਰਿਸ਼ਤੇ ਨਈਂ ਰਹਿੰਦੇ ਮਾਂ ਪਿਉ ਮੋਏ
ਤੇ ਜੋ ਬਚਦੇ ਨੇ ਕੁੱਲਾਂ ’ਤੇ ਮਰ ਜਾਂਦੇ ਨੇ
ਦਿਲ ਪੰਛੀ ਨੇ ਡੱਕ ਕੇ ਰੱਖਣੇ ਪੈਂਦੇ ਨੇ
ਦੇ ਬਹੀਏ ਜੇ ਖੁੱਲਾਂ ਤੇ ਮਰ ਜਾਂਦੇ ਨੇ
ਆਵਣ ਵੀ ਤੇ ਜੋਬਨ ਏਥੇ ਰੁੱਤਾਂ ਦੇ
ਆ ਕੇ ਪੂਰੇ ਤੁੱਲਾਂ 'ਤੇ ਮਰ ਜਾਂਦੇ ਨੇ
ਤੱਕਦੇ ਨਈਂ ਨੇ ਲਾਗਤ ਕੀ ਏ ਬੰਦੇ ਦੀ
‘ਸੰਧੂ’ ਬੰਦੇ ਮੁੱਲਾਂ ’ਤੇ ਮਰ ਜਾਂਦੇ ਨੇ