ਮੁੱਲ ਲੂਣ ਅਸਾਂ ਪਾਉਣਾ ਚਾਹਿਆ।
ਆਪਣਿਆਂ ਨੇ ਮੁੱਲ ਖ਼ਰੀਦ ਕੇ,
ਜਦ ਸਾਡੇ ਅੱਲਿਆਂ ’ਤੇ ਪਾਇਆ।
ਦੁੱਖ ਲੂਣ ਦਾ ਮਾਰ ਗਿਆ
ਪਹਿਲਾ ਵਰਗਾ ਨਹੀਂ ਰਿਹਾ
ਲੱਗਦਾ ਨਹੀਂ ਜ਼ਖ਼ਮਾਂ ’ਤੇ ਪਾਇਆ।
ਤੂੰ ਤੇ ਅਸਲੀ ਰਹਿ ਜਾਂਦਾ
ਵੇ ਸਬਜ਼ੀ-ਭਾਜੀ ਪੈਣਿਆਂ
ਸੂਰਜ ਰੀਝਾਂ ਲਾ ਸੁਕਾਇਆ।
ਕੂੰਡੇ-ਡੰਡੇ ਮਾਰ ਤੂੰ ਖਾ ਕੇ
ਮੂੰਹ ਕਰਾਰਾ ਕਰ ਦੇਂਦਾ ਸੀ
ਬੰਦੇ ਕਿਹੜੇ ਕੰਮੇਂ ਲਾਇਆ।
ਪਹਿਲਾਂ ਮੇਰਾ ਧਿਆਨ ਗਿਆ ਨਾ
ਪਤਾ ਲੱਗਾ ਜਦ ਆਪਣਿਆਂ
ਧੂੜ ਮੇਰੇ ਜ਼ਖ਼ਮਾਂ ’ਤੇ ਪਾਇਆ।
ਪੀੜਾ ਮੇਰੀ ਮਾਰ ਮੁਕਾਇਆ
ਅਸਾਂ ਤੇਰੇ ’ਤੇ ਸ਼ੱਕ ਤਾਂ ਕੀਤਾ
ਪਹਿਲਾਂ ਵਾਂਗੂੰ ਨਾ ਤੜਫਾਇਆ।
ਤੇਰੇ ਤੇ ਸ਼ੱਕ ਕਾਹਨੂੰ ਕਰਨਾ
ਤੇਰੀ ਗੇੜੀ ਸੀ ਵੱਲ ਪਕੌੜਿਆਂ
ਸੱਜਣਾਂ ਮਗਰੋਂ ਦਗ਼ਾ ਕਮਾਇਆ।
ਅਸਾਂ ਦੇ ਅੱਲੇ ਜ਼ਖ਼ਮ ਪੱਕ ਗਏ
ਪਿਆ ਤੂੰ, ਅਸੀਂ ਤੜਫੇ ਨਾਹੀਂ
ਜਦ ਚੀਸਾਂ ਮਰਵਾਵਣ ਆਇਆ।
ਵਹਿ ਜਾਂਦੇ ਸੀ ਨੈਣੋਂ ਹੰਝੂ
ਹੁਣ ਨਹੀਂ ਵਗਦੇ ਪੱਥਰ ਹੋਗੇ
ਖਾਰਿਆਂ ਨੂੰ ਤਾਂ ਮਿਲ਼ ਨਾ ਪਾਇਆ।
ਸਬਰ ਨੇ ਪੀੜਾਂ ਸਾਹ ਬੰਦ ਕੀਤੇ
ਤੂੰ ਕਿਉਂ ਮੇਰਾ ਦਰਦ ਘਟਾਇਆ
ਕਾਹਤੋਂ ਐਨਾ ਕਹਿਰ ਕਮਾਇਆ।
ਤੇਰੇ ਵਰਗੇ ਮੂੰਹ ਨਹੀਂ ਲਾਉਣਾ
ਨਿੰਬੂ-ਪਾਣੀ ਪਾ ਨਹੀਂ ਪੀਣਾ
ਔਖੀ ਵੇਲ਼ੇ ਕੰਮ ਨਹੀਂ ਆਇਆ।
ਮੰਨ ਲਿਆ ਡਾਢੇ ਦਾ ਭਾਣਾ
ਕਿ ਕੱਲੇ ਆਏ ਤੇ ਕੱਲੇ ਜਾਣਾ।
ਸਰਮਾ ਨਾ ਖੁਰ ਜਾਈਂ, ਸਮੁੰਦਰ ਜਾਇਆ।
ਸਰਬ ਮੁੱਲ ਤੇਰਾ ਪਾ ਦੇਣਾ ਸੀ
ਆਪਣੇ ਸੰਗ ਮਿਲ਼ਾ ਲੈਣਾ ਸੀ
ਚੁੱਪ ਕਰ ਮੰਨ ਹੁਣ, ਓਸ ਦੀ ਮਾਇਆ।