ਦੁਖ ਤੇ ਸੁੱਖ ਦਾ ਹਰ ਇਕ ਝਗੜਾ ਮੁੱਕ ਜਾਂਦਾ ਏ

ਦੁਖ ਤੇ ਸੁੱਖ ਦਾ ਹਰ ਇਕ ਝਗੜਾ ਮੁੱਕ ਜਾਂਦਾ ਏ ।

ਖ਼ੂਨ ਜਦੋਂ ਸ਼ਰਿਆਨਾਂ ਅੰਦਰ ਸੁੱਕ ਜਾਂਦਾ ਏ ।

ਜਿਸ ਨੂੰ ਦੀਮਕ ਖ਼ੁਦਗ਼ਰਜ਼ੀ ਦੀ ਲੱਗ ਜਾਂਦੀ ਏ,

ਉਹਦੇ ਦਿਲ ਚੋਂ ਪਿਆਰ ਤੇ ਉੱਕਾ ਮੁੱਕ ਜਾਂਦਾ ਏ ।

ਤੇਰੇ ਬਾਝੋਂ ਮੇਰਾ ਹਾਲ ਏ ਇਸਰਾਂ ਹੁੰਦਾ,

ਬਿਨ ਮਾਲੀ ਜਿਉਂ ਲਾਇਆ ਬੂਟਾ ਸੁੱਕ ਜਾਂਦਾ ਏ ।

ਉਹਦੇ ਵਿਛੜਣ ਦਾ ਮੈਂ ਸ਼ਿਕਵਾ ਕਰਦਾ ਕਿਸਰਾਂ,

ਨ੍ਹੇਰੇ ਵਿਚ ਪਰਛਾਵਾਂ ਤੀਕਰ ਲੁਕ ਜਾਂਦਾ ਏ ।

ਉਸ ਤੋਂ ਅੱਗੇ ਖ਼ਵਰੇ ਕੀ-ਕੀ ਮਨਜ਼ਰ ਹੋਵਣ,

ਸੋਚ ਦਾ ਪੰਛੀ ਜਿਹੜੀ ਥਾਂ ਤੇ ਰੁਕ ਜਾਂਦਾ ਏ ।

ਲਗਦਾ ਏ ਇਕ ਐਸਾ ਵੀ ਦੁਖ ਹਰ ਬੰਦੇ ਨੂੰ,

ਜਿਹੜਾ ਉਹਦੀਆਂ ਸਾਹਵਾਂ ਨੂੰ ਵੀ ਟੁੱਕ ਜਾਂਦਾ ਏ ।

ਡਿਗਦਾ ਏ ਸਿਰ ਪਗੜੀ ਨਾਲ 'ਸਲੀਮ' ਉਸੇ ਦਾ,

ਜਿਹੜਾ ਅੱਜ-ਕੱਲ ਹੱਦ ਤੋਂ ਬਹੁਤਾ ਝੁਕ ਜਾਂਦਾ ਏ ।

📝 ਸੋਧ ਲਈ ਭੇਜੋ