ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ 

ਅਣਖ਼  ਲਈ ਹੈ ਜਿਹਦਾ ਖ਼ੂਨ ਖੌਲਦਾ

ਉਹਦੇ ਵਿੱਚ ਪੋਰਸ ਦੀ ਰੂਹ ਬੋਲਦੀ

ਜਿਸ ਤੋਂ ਸਿਕੰਦਰਾਂ ਦੀ ਜੂਹ ਡੋਲਦੀ 

ਧੱਕਾ ਕਰ ਜੋ ਵੀ ਲੰਘ ਜਾਵੇ ਕੋਲ ਦੀ 

ਉਸਨੂੰ ਹੀ ਮਿੱਟੀ ਦੇ ਵਿੱਚ ਰਿਹਾ ਰੋਲਦਾ 

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ

ਅਣਖ ਲਈ ਹੈ ਜਿਹਦਾ ਖ਼ੂਨ ਖੌਲਦਾ।

ਦੁੱਲੇ ਨੇ ਜਿਓਂ ਮੁਗ਼ਲਾਂ ਦਾ ਮੂੰਹ ਮੋੜਿਆ 

ਉਸੇ ਲੀਹ ਨੂੰ ਅਹਿਮਦ ਖਾਂ ਅੱਗੇ ਤੋਰਿਆ 

ਫ਼ਰੰਗੀਆਂ ਨੂੰ ਬਾਰ ਵਿੱਚ ਪਾ ਕੇ ਭਾਜੜਾਂ 

ਝੰਡਾ ਪਹਿਲਾ ਚੁੱਕਿਆ ਅਜ਼ਾਦੀ-ਘੋਲ਼ ਦਾ 

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ 

ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ।

ਗਦਰੀ ਭਗਤ ਸਿੰਘ ਸਾਰੇ ਦੁਲ੍ਹੇ ਨੇ

ਖ਼ੁਦਦਾਰ ਜਿਹੜੇ ਫਾਂਸੀਆਂ ਤੇ ਝੂਲੇ ਨੇ

ਊਧਮ ਸਿੰਘ ਗ਼ੈਰਤੀ ਬੁਲੰਦ ਸੂਰਮਾ 

ਲੰਡਨ ਜਾ ਜ਼ਾਲਮ ਦਾ ਖੂਨ ਡੋਲ੍ਹਦਾ 

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ 

ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ।

ਅਣਖੀ  ਪੰਜਾਬੀ ਪੁੱਤ ਸ਼ੇਰਾਂ ਵਰਗੇ 

ਕਿਸੇ ਨਾਡੂ ਖਾਂ ਦੀ ਨਹੀਂ ਗੁਲਾਮੀ ਕਰਦੇ 

ਮਾਰਦੇ ਨੇ ਜ਼ਾਲਮ ਜਾਂ ਆਪ ਮਰਦੇ 

ਇਹਨਾਂ ਦੇ ਸਿਰਾਂ ਤੇ ਹੱਕ ਸੱਚ ਮੌਲ਼ਦਾ 

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ 

ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ।

ਕੱਚੇ ਪਿੱਲੇ ਫਿਰਦੇ ਬੰਦੂਕਚੀ ਬੜੇ 

ਹਾਕਮਾਂ ਚੁਗੱਤਿਆਂ ਦੇ ਢਹੇ ਜੋ ਚੜ੍ਹੇ

ਕਿਰਦਾਰ ਖੁਣੋਂ ਕੱਚੇ ਰਹਿਣਗੇ ਨਿਸ਼ਾਨਚੀ 

ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਦੁੱਲਾ ਬੋਲਦਾ 

ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ 

ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ।

📝 ਸੋਧ ਲਈ ਭੇਜੋ