ਜਿਉਂਦੇ ਜੀ ਹੱਸਣਾ ਨੱਚਣਾ ਹੈ
ਖ਼ਾਕ ਮਰਕੇ ਭਲਾ ਤੂੰ ਜੀਵੇਂਗਾ
ਜਦ ਚੱਕ ਜਨਾਜ਼ਾ ਲੈ ਚੱਲੇ
ਕੀ ਖਾਵੇਂਗਾ ਕੀ ਪੀਵੇਂਗਾ
ਜਗ ਜੀਂਵਦਿਆਂ ਦੇ ਮੇਲੇ ਵਿੱਚ
ਦੀਦਾਰੇ ਰੱਬ ਦੇ ਹੁੰਦੇ ਨੇ
ਮਰਨੇ ਤੋਂ ਬਾਦ ਤਾਂ ਬੰਦਿਆ ਤੂੰ
ਮਿੱਟੀ ਦੀ ਢੇਰੀ ਥੀਵੇਂਗਾ
ਕਿਸੇ ਗ਼ਰੀਬ ਦੀ
ਝੋਲੀ ਭਰਿਆ ਕਰ
ਕਿਸੇ ਰੁੱਸੇ ਤਾਈਂ
ਮਨਾਇਆ ਕਰ
ਕਿਸੇ ਰੋਂਦੇ ਮਲੂਕ ਜਿਹੇ ਬੱਚੇ ਨੂੰ
ਘੁੱਟ ਗਲ ਦੇ ਨਾਲ ਲਗਾਇਆ ਕਰ
ਬੁੱਢੜੀ ਮਾਂ ਦੇ
ਠਰਦੇ ਪੈਰੀਂ
ਆਪ ਚੱਪਲ ਹੱਥੀਂ
ਪਾਇਆ ਕਰ
ਗ਼ਰੀਬੀ ਨੂੰ ‘ਗਦਾ’ ਬਣਾ ਕੇ ਤੇ
ਇਸ ਜੱਗ ਨੂੰ ਜਿੱਤਦਾ ਜਾਇਆ ਕਰ
ਜੋ ਪਾਸ ਹੈ ਸਬਰ ਸੰਤੋਖ ਤਾਈਂ
ਕੁਝ ਖਾਇਆ ਕਰ, ਖਲਾਇਆ ਕਰ
ਇਹ ਜੀਵਨ ਹੈ
ਰਿਣ ਕਰਤੇ ਦਾ
ਦੁਖੀਆਂ ਦਾ ਦਰਦ ਵੰਡਾਇਆ ਕਰ
ਜਿੰਦੜੀ ਪਰਚਾ
ਤਿੰਨ ਘੰਟੇ ਦਾ
ਨਿੱਤ ਵਧੀਆ ਲਿਖਕੇ ਆਇਆ ਕਰ
ਇਕ ਪਿਤਾ ਦੇ ਆਪਾਂ ਬੱਚੇ ਸੱਭ
ਹਰ ਇੱਕ ਨੂੰ ਗਲੇ ਲਗਾਇਆ ਕਰ
ਕਣ ਕਣ ਵਿੱਚ ਪ੍ਰਭੂ ਦਾ ਵਾਸਾ ਹੈ
ਅਨੁਰਾਗ ਤਰ੍ਹਾਂ ਉਹ ਬਰਸ ਰਿਹਾ
ਤੂੰ ਟੁਰਦਾ ਫਿਰਦਾ ਹਰ ਵੇਲੇ
ਬਸ ਏਹੋ ਗੀਤ ਅਲਾਇਆ ਕਰ
ਦੀਵਾਲੀ ਤਾਂ ਕਿੰਨੀ ਵਾਰੀ ਤੂੰ
ਜੀਵਨ ਵਿੱਚ ਹੈਂ ਮਨਾ ਬੈਠੋਂ
ਕਦੇ ਛੋੜ ਕੇ ਦਿਲ ਪ੍ਰਚਾਵੇ ਨੂੰ
ਇਸ ਝੂਠੇ ਮਨ ਬਹਿਲਾਵੇ ਨੂੰ
ਕਿਸੇ ਲੋੜਵੰਦ ਦੇ ਖੀਸੇ ਵਿੱਚ
ਖੁਸ਼ੀਆਂ ਦਾ ਮੀਂਹ ਵਰ੍ਹਾਇਆ ਕਰ
ਕਿਸੇ ਸੜੇ ਝੁਲਸ ਗਏ, ਬੱਚੇ ਨੂੰ
ਵਿਲਕਦੀ ਮਾਂ ਕਿਸੇ ਦੁਖਿਆਰੀ ਨੂੰ
ਦੋ ਸ਼ਬਦ ਸਿਦਕ ਭਰੋਸੇ ਦੇ
ਤੂੰ ਮੂੰਹ ਤੋਂ ਕਹਿ ਕੇ
ਆਇਆ ਕਰ
ਕੋਲ ਖੜ ਕੇ ਮਾਂ ਕੁਰਲਾਂਦੀ ਦੇ
ਕਦੇ ਮਲ੍ਹਮ ਪਿਆਰ ਦੀ ਲਾਇਆ ਕਰ
ਪੁੰਨ ਪਾਪ ਤਾਂ ਬੱਸ ਕਹਾਵਤ ਨੇ
ਕਰਮਾਂ ਦਾ ਸੂਰਾ ਬਣ ਬੰਦਿਆ।
ਕਰਮ ਨੂੰ ਧਰਮ, ਸਮਝ ਆਪਣਾ
ਬਸ ਚੰਗੇ ਕਰਮ ਕਮਾਇਆ ਕਰ
ਕਿੱਕਰਾਂ ਦੀ ਬਾੜੀ ਲਾਵੇਂ ਜੇ
ਕੰਡੇ ਹੀ ਹਿੱਸੇ ਆਉਣੇ ਨੇ
ਬਾਬਾ ਜੇ ਬਣਨਾ ਚਾਉਨਾਂ ਏਂ
ਬੋਹੜ ਦਾ ਬੂਟਾ ਲਾਇਆ ਕਰ
ਫਿਰ ਸੱਥ ਉਹਦੀ ਤੇ ਬਹਿਕੇ ਤੇ
ਸੂਫ਼ੀ ਸੰਤਾਂ ਨੂੰ ਲੈ ਕੇ ਤੇ
ਕਿਸੇ ਬਿਰਹੇ ਨਾਦ ਪੁਰਾਣੇ ਦਾ
ਦਿਲ ਟੁੰਬਵਾਂ ਗੀਤ
ਸੁਣਾਇਆ ਕਰ
ਕਿਤੇ ਗਿੱਧੇ, ਭੰਗੜੇ ਪੈ ਜਾਣੇ
ਕਿਤੇ ਪੀਂਘ ਪਿਆਰ ਦੀ ਪੈ ਜਾਣੀ
ਕਿਤੇ ਚਹਿਲ ਪਹਿਲ ਜਿਹੀ ਹੋ ਜਾਣੀ
ਕਿਤੇ ਵੈਰੀ ਮੀਤ ਸਭ ਹੋ ਜਾਣੇ
ਇਸ ਬੋਹੜ ਪਿਤਾ ਦੀ ਛਾਵੇਂ ਹੀ
ਮੁਹੱਬਤਾਂ ਦੀ ਧੂਣੀ ਲਾਇਆ ਕਰ
ਆਖੇ ‘ਉੱਪਲ’ ਓਹ! ਸੁਣ ਸੱਜਣਾ
ਜਿਉਂਦੇ ਜੀ, ਜੀਣਾ ਹੁੰਦਾ ਹੈ
ਦਿਲ ਆਪਣੇ ਦੀ ਹੀ, ਸੁਣਿਆ ਕਰ
ਦੁਮ ਛੱਲਾ, ਨਾ ਅਖਵਾਇਆ ਕਰ।