ਡੰਗ ਕਥਾ

ਇਹ ਰੋਜ਼ੇ-ਅੱਵਲ ਤੋਂ ਅੱਗ ਜਿਹਾ

ਇਹ ਰੋਜ਼ੇ-ਅੱਵਲ ਤੋਂ ਪਾਣੀ ਹੈ

ਜਿਸ ਨਾਨਕ-ਮੁੰਡੀ ਡੰਗੀ ਸੀ

ਈਸਾ ਦੀ ਰਚੀ ਕਹਾਣੀ ਹੈ

ਇਹ ਅੱਖਰ ਵੇਦ-ਕੁਰਾਨਾਂ ਦਾ

ਇਹ ਏਕ-ਓਂਕਾਰਾਂ ਬਾਣੀ ਹੈ

ਜਿਨ ਮੱਥੇ ਨੀਲੇ ਕਰ-ਕਰ ਕੇ

ਇਸ ਡੰਗ ਦੀ ਪੀੜ ਪਛਾਣੀ ਹੈ

ਓਹ ਮੂਲ 'ਚ ਡੁਬਕੀ ਲਾ ਆਏ

ਉਨ ਓੜਕ ਤਿੱਥੀ ਜਾਣੀ ਹੈ

ਜੋ ਡੰਗ ਦੀ ਪੀੜ ਹੰਢਾਉਂਦੇ ਨੇ

ਜੋ ਡੰਗ ਦਾ ਨਾਮ ਧਿਆਉਂਦੇ ਨੇ

ਜੋ ਕੰਚਨ-ਕੂਲੇ ਪੋਟਿਆਂ 'ਤੇ

ਚਾਨਣ ਦਾ ਸੱਪ ਲੜਾਉਂਦੇ ਨੇ

ਜੋ ਪੀਠ-ਪੀਠ ਕੇ ਕੁੰਜਾਂ ਨੂੰ

ਸੁਰਮੇ ਦੀ ਥਾਂਵੇ ਪਾਉਂਦੇ ਨੇ

ਜੋ ਮਣੀਆਂ ਦੇ ਲਿਸ਼ਕਾਰੇ 'ਚੋਂ

ਯੁੱਗਾਂ ਦੀ ਭੁੱਖ ਮਿਟਾਉਂਦੇ ਨੇ

ਜ਼ਹਿਰਾਂ ਦੇ ਸੁੱਚੇ ਬਾਵੇ ਨੂੰ

ਜੋ ਅੜਿਆ ਕੁੱਛੜ ਚਾਉਂਦੇ ਨੇ

ਓਹ ਰਹਿ-ਰਹਿ ਕੇ ਵੀ ਸੱਜਣਾ ਵੇ

ਸਰਪਾਂ ਦੇ ਸੋਹਿਲੇ ਗਾਉਂਦੇ ਨੇ

ਰੁਖ਼ਸਾਰਾਂ ਚੁੰਮਦੀ ਅਲਕਾ ਨੂੰ

ਸੱਪਣੀ ਦਾ ਲਾਡ ਲਡਾਉਂਦੇ ਨੇ

ਇਸ਼ਕੇ ਦਾ ਦੁੱਧ ਪਿਲਾਉਂਦੇ ਨੇ

ਸਾਡੇ ਅੰਦਰ ਦੀ ਇੱਕ ਧਰਤੀ ਨੂੰ

ਜਿਉਂ ਨਾਗ-ਵਲ੍ਹੇਟਾ ਵੱਜਿਆ ਹੈ

ਸਾਡਾ ਸਾਰਾ ਹੀ ਸੰਸਾਰ ਜਿਹਾ

ਇੱਕ ਡੰਗ ਦੇ ਸਿਰ 'ਤੇ ਸੱਜਿਆ ਹੈ

ਇੱਕ ਡੰਗ ਦੇ ਪਤਲੇ ਪਰਦੇ ਨੇ

ਸਾਡਾ ਆਸਾ-ਪਾਸਾ ਕੱਜਿਆ ਹੈ

ਇਹ ਸਭ ਥਾਈਂ ਹੀ ਰਮਿਆ ਹੈ

ਜਾ ਗਰਭ-ਗੋਦ ਜਦ ਮੱਲਦਾ ਹੈ

ਫਿਰ ਨੌਂ ਮਾਹਾਂ ਦੇ ਸਫ਼ਰ ਉੱਤੇ

ਇਹ ਨੰਗੇ ਪੈਰੀਂ ਚੱਲਦਾ ਹੈ

ਚਹੁੰ-ਕੂਟ ਉਦਾਸੀ ਕਰਦਾ ਹੈ

ਇਹ ਪਰਬਤ ਨਦੀਆਂ ਵਲਦਾ ਹੈ

ਇਹ ਜੱਗ ਦੀਆਂ ਸੁੰਨੀਆਂ ਤਲ਼ੀਆਂ 'ਤੇ

ਫੁੱਲਾਂ ਦਾ ਧੂੜਾ ਮਲ਼ਦਾ ਹੈ

ਇਸ ਡੰਗ ਦੇ ਅੰਦਰ ਚਾਨਣ ਦਾ

ਕੋਈ ਗਹਿਰਾ ਮਿਸਰਾ ਬਲਦਾ ਹੈ

ਇਹ ਸਭ ਕੁਝ ਡੰਗ ਦੀ ਬਰਕਤ ਹੈ

ਇਹ ਸਭ ਕੁਝ ਡੰਗ ਦੀ ਹਰਕਤ ਹੈ

ਇਹ ਜੰਤ-ਜਨੌਰੀ-ਆਦਮਤਾ

ਸਭ ਡੰਗ ਦਾ ਹੀ ਪਰਿਣਾਮ ਜਿਹਾ

ਇਹ ਸਾਵੀਆਂ-ਰੱਖਾਂ-ਥਲ-ਗਿਰੀਆਂ

ਵਿੱਚ ਡੰਗ ਦਾ ਕੋਸਾ ਨਾਮ ਜਿਹਾ

ਇਹ ਫੁੱਲ-ਪੱਤੇ-ਇਹ ਵੇਲੜੀਆਂ

ਮਹਿਕਾਂ ਦੇ ਵਿੱਚ ਪੈਗਾਮ ਜਿਹਾ

ਇਹ ਰੁੱਤਾਂ-ਮੌਸਮ-ਪੌਣ-ਪਾਣੀ

ਫਸਲਾਂ ਦੀ ਥਿਰਕਣ ਦੱਸ ਕੀ ਹੈ ?

ਜਾਂ ਹਰੇ-ਸਰੈਰੇ ਪੱਤਰਾਂ 'ਤੇ

ਬੂੰਦਾਂ ਦੀ ਚਿਲਕਣ ਦੱਸ ਕੀ ਹੈ ?

ਇਹ ਨੀਮ-ਪਿਆਜ਼ੀ ਫੁੱਲਾਂ 'ਤੇ

ਤਿੱਤਲੀ ਦਾ ਖੇਲਣ, ਡੰਗ ਹੀ ਹੈ

ਇਹ ਕੋਰੇ-ਕੱਕੇ ਰੇਤਿਆਂ 'ਤੇ

ਸੱਪਣੀ ਦਾ ਮੇਲ੍ਹਣ, ਡੰਗ ਹੀ ਹੈ

ਜੋ ਧਰਤ ਦਾ ਘੁੰਮ-ਘੁਮਾਣਾ ਹੈ

ਜੋ ਚੰਨ ਦਾ ਆਣਾ-ਜਾਣਾ ਹੈ

ਸੂਰਜ ਦਾ ਤਪਸ਼-ਤਪਾਣਾ ਹੈ

ਜੋ 'ਵਾ ਦਾ ਵਗਣ-ਵਗਾਣਾ ਹੈ

ਜੋ ਦਾਮਨੀ-ਬਰਕ-ਬੁਲਾਰਾ ਹੈ

ਕਣੀਆਂ ਦਾ ਸਾਉਣ-ਉਤਾਰਾ ਹੈ

ਜੋ ਬੀਜ ਦਾ ਫੁੱਟ-ਫ਼ੁਟਾਰਾ ਹੈ

ਜੋ ਰੰਗ ਦਾ ਪੋਸ਼-ਪਸਾਰਾ ਹੈ

ਇਹ ਡੰਗ ਦੀ ਵੱਗਦੀ ਧਾਰਾ ਹੈ

ਇਹ ਡੰਗ ਦਾ ਕਰਤੱਬ ਸਾਰਾ ਹੈ

📝 ਸੋਧ ਲਈ ਭੇਜੋ