ਦੁਨੀਆਂ ਭਰ ਦੇ ਕਾਮਿਓਂ

ਕਿਰਤ ਲੁਟਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ !

ਜਿਸਮ ਤੁੜਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ !!

ਅੱਗ ਧੁਖੇ ਜਦ ਕਾਂਗੋ ਵਿੱਚ ਤਾਂ, ਭਾਂਬੜ ਵੀਅਤਨਾਮ ਵਿੱਚ ਨਿਕਲੇ ।

ਹੱਡ ਸੜਨ ਜਦ ਫ਼ਲਸਤੀਨਾਂ ਦੇ, ਰੋਹ ਕੰਬੋਡੀਆ ਅੰਦਰ ਬਿਫ਼ਰੇ ।

ਮਰੇ ਜਦੋਂ ਅਮਰੀਕੀ ਕਾਮਾ, ਚੀਨੀ ਮਾਂ ਦੇ ਆਵਣ ਹੰਝੂ ।

ਪਾਕਿਸਤਾਨੀ ਪੜ੍ਹੇ ਨਮਾਜ਼ਾਂ, ਸਜਦੇ ਕਰੇ ਤਿਲਕ ਤੇ ਜੰਝੂ ।

ਪੂੰਜੀਪਤੀ ਦੀ ਪੂੰਜੀ ਅੰਦਰ, ਆਪਣਾ ਮਹਿੰਗਾ ਲਹੂ ਨਾ ਪਾਓ ।

ਇੱਕ ਹੋ ਜਾਓ ! ਇੱਕ ਹੋ ਜਾਓ !!

ਇੰਗਲੈਂਡ ਜਾਂ ਅਮਰੀਕਾ ਹੈ, ਸਾਮਰਾਜ ਦਾ ਇਕ ਖਾਸਾ ।

ਕਰੇ ਕੁਤਕੁਤੀ ਭਾਰਤ ਅੰਦਰ, ਬੰਗਲਾ ਦੇਸ਼ 'ਚ ਪੁੱਜਦਾ ਹਾਸਾ ।

ਧਰਤੀ ਮਾਂ ਦੀ ਹਿੱਕੜੀ ਉੱਤੇ, ਕਿਹੜਾ ਵਾਹੇਗਾ ਅੱਜ ਲੀਕਾਂ ।

ਹੱਦਾਂ ਦੀ ਗੱਲ ਪੱਲੇ ਨਾ ਬੰਨ੍ਹੋ, ਸੁਣੋ ਓਦਰੇ ਦਿਲਾਂ ਦੀਆਂ ਚੀਕਾਂ ।

ਜੱਨਤ ਦੇ ਲਾਰੇ ਦੇ ਉੱਤੇ, ਜ਼ਿੰਦਗੀ ਨੂੰ ਲਾਰਾ ਨਾ ਲਾਓ ।

ਇੱਕ ਹੋ ਜਾਓ ! ਇੱਕ ਹੋ ਜਾਓ !!

ਸਰਹੱਦਾਂ ਦੇ ਖ਼ਤਰੇ ਦੇ ਨਾਂ, ਆਪਣੀ ਨੀਤ ਲੁਕਾਈ ਜਾਂਦੀ ।

ਤੈਨੂੰ ਕੁੱਕੜਾਂ ਵਾਂਗ ਲੜਾ ਕੇ, ਤੇਰੀ ਰੱਤ ਵਗਾਈ ਜਾਂਦੀ ।

ਕੌਮੀਅਤ ਦੇ ਸੌੜੇ ਹਿੱਤ ਦੀ, ਤੈਨੂੰ ਜ਼ਹਿਰ ਪਿਲਾਈ ਜਾਂਦੀ ।

ਤੇਰੇ ਕੈਦ ਲਹੂ ਦੀ ਤੈਥੋਂ, ਹੋਲੀ ਹੈ ਖਿਡਵਾਈ ਜਾਂਦੀ ।

ਕੌਣ ਤੁਹਾਡਾ ਕੌਣ ਪਰਾਇਆ, ਲਛਮਣ ਵਾਂਗੂੰ ਕਾਰ ਲਗਾਓ ।

ਇੱਕ ਹੋ ਜਾਓ ! ਇੱਕ ਹੋ ਜਾਓ !!

ਪੂੰਜੀਪਤੀ ਦੀ ਮਰਜ਼ੀ ਹੈ ਕਿ, ਤੂੰ ਲੜਦਾ ਰਹੇਂ, ਤੂੰ ਮਰਦਾ ਰਹੇਂ ।

ਧਰਮ, ਕਾਨੂੰਨ, ਜ਼ਾਤ ਦਾ ਡੰਡਾ, ਤੂੰ ਚੁੱਕਦਾ ਰਹੇਂ, ਤੂੰ ਧਰਦਾ ਰਹੇਂ ।

ਫੌਜ ਪੁਲਿਸ ਦੇ ਸਾਏ ਹੇਠਾਂ, ਰਹਿਣ ਉਸਰਦੇ ਮਹਿਲ ਮੁਨਾਰੇ ।

ਰਹੇ ਕੜਕਦੀ ਬਿਜਲੀ ਬੇਸ਼ੱਕ, ਪਰ ਨਾ ਕੁਸਕਣ ਕੁੱਲੀਆਂ ਢਾਰੇ ।

ਸਾਂਝਾ ਕਰੋ ਲਹੂ ਤੇ ਮੁੜ੍ਹਕਾ, ਤੇ ਲੋਹੇ ਦਾ ਪਹਿਰਾ ਲਾਓ ।

ਇੱਕ ਹੋ ਜਾਓ ! ਇੱਕ ਹੋ ਜਾਓ !!

ਜਿਸ ਇੱਜ਼ਤ 'ਤੇ ਤੂੰ ਹੱਥ ਚੁੱਕੇਂ, ਉਹ ਤੇਰੇ ਹੀ ਵੀਰ ਜਿਹੀ ਏ ।

ਤੂੰ ਜਿਸ ਦੇ ਰਾਂਝਣ ਨੂੰ ਮਾਰੇਂ, ਉਹ ਤੇਰੀ ਹੀ ਹੀਰ ਜਿਹੀ ਏ ।

ਤੂੰ ਰੋਟੀ ਤੋਂ ਆਤੁਰ ਹੋ ਕੇ, ਜਿਸ ਵੀਰੇ 'ਤੇ ਕਸੀ ਦੁਨਾਲੀ ।

ਢਿੱਡ ਫੋਲ ਕੇ ਵੇਖੀਂ ਉਹਦਾ, ਉਹ ਵੀ ਹੈ ਰੋਟੀ ਤੋਂ ਖ਼ਾਲੀ ।

ਆਪਣੇ ਤੋਂ ਬੰਦੂਕ ਦੀ ਨਾਲੀ, ਛੁਪੇ ਡਾਕੂਆਂ ਵੱਲ ਭੁਆਓ ।

ਇੱਕ ਹੋ ਜਾਓ ! ਇੱਕ ਹੋ ਜਾਓ !!

📝 ਸੋਧ ਲਈ ਭੇਜੋ