ਦੁਨੀਆਂ ਭੋਲੇ ਨਾਲ ਬੜੀ ਹੈ ਭੋਲੀ ਵੀ

ਦੁਨੀਆਂ ਭੋਲੇ ਨਾਲ ਬੜੀ ਹੈ ਭੋਲੀ ਵੀ ।

ਬੜਬੋਲੇ ਦੇ ਨਾਲ ਉਵੇਂ ਬੜਬੋਲੀ ਵੀ ।

ਹੋਰ ਕਿਸੇ ਮਾਂ-ਬੋਲੀ ਦਾ ਕੁਝ ਰਹਿੰਦਾ ਨਹੀਂ,

ਪੰਜਾਬੀ ਦੀ 'ਪੰਜਾਬੀ' ਮਾਂ ਬੋਲੀ ਵੀ ।

ਮੰਨਦੇ ਹਾਂ ਬੰਦੇ ਨੇ ਔਰਤ ਰੋਲੀ ਹੈ,

ਉਹ ਹੀ ਅੱਥਰੂ ਕੇਰੇ ਚੁੱਕ ਕੇ ਡੋਲੀ ਵੀ ।

ਉੱਥੇ ਇਕੋ ਗੱਲ ਹੀ ਦੂਸਰ-ਪਾਰ ਗਈ,

ਜਿੱਥੇ ਕੁੱਝ ਨਾ ਕਰ ਸਕਦੀ ਸੀ ਗੋਲੀ ਵੀ ।

ਕਿੱਧਰੇ ਕਿਸਮਤ ਛੱਪੜ ਪਾੜ ਕੇ ਦੇ ਜਾਂਦੀ,

ਕਿਧਰੇ ਅੱਡੀ ਰਹਿ ਜਾਂਦੀ ਏ ਝੋਲੀ ਵੀ ।

ਏਹੋ ਸੁਣਿਐਂ ਤੇਰੇ ਬਾਰੇ ਲੋਕਾਂ ਤੋਂ,

ਤੇਰੀ ਆਦਤ ਜ਼ਿੱਦੀ ਹੈ ਪਰ ਭੋਲੀ ਵੀ ।

ਜਿਸ ਨੂੰ ਬੋਲਣ ਲੱਗਿਆਂ ਕੋਈ ਝਾਕਾ ਨਹੀਂ,

ਉਸ ਬੋਲੀ ਨੂੰ ਕਹਿੰਦੇ ਨੇ ਮਾਂ-ਬੋਲੀ ਵੀ ।

ਬਿਨ ਮਤਲਬ ਨਾ ਸੁਣਦੀ ਏ ਨਾ ਵਹਿੰਦੀ ਏ,

ਇਹ ਦੁਨੀਆਂ ਏ ਅੰਨ੍ਹੀ ਵੀ ਤੇ ਬੋਲੀ ਵੀ ।

'ਅਸ਼ਰਫ਼' ਸਾਡੇ ਹੀ ਬੂਹੇ ਤੇ ਤਾਲਾ ਸੀ,

ਉੱਪਰ ਵਾਲੇ ਤਾਂ ਕਿਸਮਤ ਸੀ ਖੋਲ੍ਹੀ ਵੀ ।

📝 ਸੋਧ ਲਈ ਭੇਜੋ