ਦੁਨੀਆਂ ਦੇ ਪੁਆੜੇ

ਕੀ ਪੁਆੜੇ ਪਾ ਲਏ ? ਦੁਨੀਆਂ ਤੇ ਚਾਤ੍ਰਿਕ ਆਣ ਕੇ,

ਕੰਡਿਆਂ ਵਿੱਚ ਫਸ ਗਈ ਜ਼ਿੰਦਗੀ, ਬਗੀਚਾ ਜਾਣ ਕੇ ।

ਬਾਲਪਨ ਦੇ ਚਾਰ ਦਿਨ, ਲੰਘੇ ਸੁਖਾਲੇ ਸਨ ਜ਼ਰਾ,

ਛੱਟ ਐਸੀ ਆ ਪਈ, ਫਿਰ ਯਾਦ ਆਏ ਨਾਨਕੇ ।

ਪੇਟ ਦਾ ਝੁਲਕਾ, ਸੁੱਖਾਂ ਦੀ ਭਾਲ, ਜੱਗ ਤੇ ਜੋੜ ਤੋੜ,

ਪੈ ਗਏ ਅਣਗਿਣਤ ਬੰਨ੍ਹਣ, ਇੱਕ ਤੰਬੂ ਤਾਣ ਕੇ ।

ਜਾਨ ਫਿਕਰਾਂ, ਹੱਡ ਟੱਬਰ, ਦੋਸਤਾਂ ਨੇ ਬੋਟੀਆਂ,

ਤੋੜ ਖਾਧਾ ਸਾਰਿਆਂ, ਕੂਲਾ ਸ਼ਿਕਾਰ ਪਛਾਣ ਕੇ ।

ਦੂਜਿਆਂ ਦੇ ਵਾਸਤੇ, ਕੀਤਾ ਪਸੀਨਾ ਖੂਨ ਨੂੰ,

ਆਪਣੇ ਪੱਲੇ ਪਈ ਨਾ ਖਾਕ, ਮਿੱਟੀ ਛਾਣ ਕੇ ।

ਸੱਧਰਾਂ ਦੇ ਟਾਹਣ ਤੇ ਦਿਲ ਟੰਗਿਆ ਹੀ ਰਹਿ ਗਿਆ,

ਵੇਖਣਾ ਮਿਲਿਆ ਨਾ ਇੱਕ ਦਿਨ ਭੀ ਖੁਸ਼ੀ ਦਾ ਮਾਣ ਕੇ ।

ਲਾਹ ਗਲੋਂ ਜੰਜਾਲ ਤੇ ਕਰ ਬੰਦ ਦੁਨੀਆਂ ਦੀ ਗਜ਼ਲ,

ਕਾਫੀਆ ਮੱਤ ਤੰਗ ਕਰ ਦੇ, ਮੌਤ ਤੇਰਾ ਆਣ ਕੇ ।

📝 ਸੋਧ ਲਈ ਭੇਜੋ