ਦੁਨੀਆਂ ਦੀ ਹਰ ਚੀਜ਼ ਦੇ ਵਿੱਚੋਂ

ਦੁਨੀਆਂ ਦੀ ਹਰ ਚੀਜ਼ ਦੇ ਵਿੱਚੋਂ, ਅੱਜ-ਕੱਲ੍ਹ ਅਸਰ ਗਵਾਚੇ ।

ਪੱਥਰ ਦੇ ਬੁੱਤ ਬਾਕੀ ਰਹਿ ਗਏ, ਏਥੋਂ ਬਸ਼ਰ ਗਵਾਚੇ ।

ਕਾਗਜ਼ ਦੇ ਫੁੱਲਾਂ ਨੇ ਰਲ-ਮਿਲ, ਏਥੇ ਰੌਣਕ ਲਾਈ,

ਧਰਤੀ ਤੋਂ ਖ਼ੁਸ਼ਬੂਆਂ ਮੁੱਕੀਆਂ, ਨਾਲੇ ਇਤਰ ਗਵਾਚੇ ।

ਰਾਤ ਹਨ੍ਹੇਰੀ ਕਾਬਜ਼ ਹੋਈ, ਇਹਦਾ ਜ਼ੋਰ ਨਾ ਟੁੱਟੇ,

ਫ਼ਜਰ ਨਿਮਾਣੀ ਰੋ-ਰੋ ਲੱਭੇ, ਕਿੱਥੇ ਗਜਰ ਗਵਾਚੇ ।

ਏਸ ਜ਼ਮਾਨੇ ਦੇ ਸਭ ਲੋਕੀ, ਨਿੰਮੋਂ-ਝੂਣੇ ਹੋਏ,

ਰੂਹ ਦੀ ਦੌਲਤ ਲੁੱਟੀ-ਪੁੱਟੀ, ਦਿਲ ਦੇ ਨਗਰ ਗਵਾਚੇ ।

ਸੜਦੀ ਬਲਦੀ ਧਰਤੀ ਉੱਤੇ, ਧੁੱਪਾਂ ਕਹਿਰ ਵਸਾਏ,

ਰਹਿਮਤ ਦਾ ਮੀਂਹ ਖ਼ਾਬਾਂ ਹੋਇਆ, ਠੰਢੇ ਅਬਰ ਗਵਾਚੇ ।

ਆਸ਼ਿਕ ਪਿਆਰ ਦਾ ਚੇਤਾ ਭੁੱਲ ਕੇ, ਹੋਰ ਕਿਤੇ ਈ ਟੁਰ ਗਏ,

ਸੰੁਜੀ ਸੱਖਣੀ ਸੂਲੀ ਰੋਵੇ, ਮੇਰੇ ਫ਼ਖ਼ਰ ਗਵਾਚੇ ।

ਲੱਖਾਂ ਚਿੜੀਆਂ ਰੁੱਖਾਂ ਉੱਤੇ, ਫੇਰ ਦੁਬਾਰਾ ਚਹਿਕਣ,

ਇਹਨਾਂ ਲਈ ਮੈਂ ਲੱਭਦਾ ਫਿਰਨਾਂ, 'ਆਸ਼ਿਕ' ਫ਼ਜਰ ਗਵਾਚੇ ।

📝 ਸੋਧ ਲਈ ਭੇਜੋ