ਦੁਨੀਆਂ ਲਈ ਕੁੱਝ ਸੁੱਖ ਕਮਾਈਏ ਮੈਂ ਤੇ ਤੂੰ!
ਚੰਨ ਦੇ ਵਾਂਗਰ ਲੋ ਵਰਤਾਈਏ ਮੈਂ ਤੇ ਤੂੰ!!
ਆਪਣੀ ਹਸਤੀ ਖ਼ਾਕ ਰੁਲਾਈਏ ਮੈਂ ਤੇ ਤੂੰ,
ਫਿਰ ਜਾ ਰਾਜ਼ ਹਕੀਕਤ ਪਾਈਏ ਮੈਂ ਤੇ ਤੂੰ ।
ਭਾਰ ਪਰਾਇਆ ਸਿਰ ਤੇ ਚਾਈਏ ਮੈਂ ਤੇ ਤੂੰ,
ਰੱਬ ਸੱਚਾ ਕਰ ਰਾਜ਼ੀ ਜਾਈਏ ਮੈਂ ਤੇ ਤੂੰ ।
ਕੰਡਿਆਂ ਵਾਲੀ ਤਾਰ ਹਟਾਈਏ ਮੈਂ ਤੇ ਤੂੰ,
ਰਲ ਮਿਲ ਏਹੋ ਵਿੱਥ ਮੁਕਾਈਏ ਮੈਂ ਤੇ ਤੂੰ ।
ਬੁੱਤ ਤੇ ਰੂਹ ਦੀ ਗੱਲ ਮੁਕਾਈਏ ਮੈਂ ਤੇ ਤੂੰ,
ਕਤਰੇ ਤੋਂ ਬਣ ਦਰਿਆ ਜਾਈਏ ਮੈਂ ਤੇ ਤੂੰ ।