ਦੁਨੀਆਂਦਾਰੀ ਦੇ ਰਣ ਵਿਚ
ਮਾਇਆ ਕਾਰਨ ਭਿੜਦਾ ਹੈ
ਦੂਤੀ ਸੱਚਾ ਆਸ਼ਿਕ ਨਹੀਂ
ਤਾਂ ਹੀ ਕੱਚਾ ਪਿੜਦਾ ਹੈ ।
ਜਾਦ ਖੂਬ ਜਗਾਇਆ ਹੈ
ਤੇਰੀ ਯਾਦ ਦੇ ਬੁੱਲੇ ਨੇ
ਪਹਿਲੇ ਤੇ ਨਹੀਂ ਖਿੜਦਾ ਸੀ
ਫੁਲ ਦਿਲ ਦਾ ਹੁਣ ਖਿੜਦਾ ਹੈ ।
ਮੇਰੇ ਇਸ਼ਕ ਦੇ ਭਾਂਬੜ ਨੂੰ
ਇਹ ਠੰਡਾ ਕਰ ਸਕਦੀ ਨਹੀਂ
ਤੇਰੀ ਸਰਦ-ਮਿਜ਼ਾਜੀ ਤੋਂ
ਸਭ ਨੂੰ ਕਾਂਬਾ ਛਿੜਦਾ ਹੈ ।
ਖੋਹਕੇ ਮੈਥੋਂ ਯਾਰ ਮਿਰਾ
ਮੈਨੂੰ ਕੱਲਾ ਕਿਉਂ ਕੀਤਾ ?
ਜੀਵਨ ਦਾ ਗੇੜਾ ਰੱਬਾ
ਜੋੜੀ ਤੋਂ ਹੀ ਗਿੜਦਾ ਹੈ।
ਉਹ ਤੇ ਸੱਚਾ ਆਸ਼ਿਕ ਨਹੀਂ
ਜੋ ਮੁਹਤਾਜ ਹੈ ਦੂਤੀ ਦਾ
ਜਿਹਨੂੰ ਤੇਰੀਆਂ ਰੱਖਾਂ ਨਹੀਂ
ਕਿਸ ਗਲ ਤੇ ਉਹ ਤਿੜਦਾ ਹੈ ?
ਗ਼ਮ ਭੁੱਲਣ ਨੂੰ ਪੀਂਦਾ ਹਾਂ
ਜ਼ਾਹਿਦ ਰੋਕ ਨ ਪੀਣੇ ਤੋਂ
ਕੀ ਮਤਲਬ ਹੈ ਹੋੜਾਂ ਦਾ
ਕੀ ਅਰਥ ਤਿਰੀ ਕਿੜਕਿੜ ਦਾ ਹੈ ?
ਮਕ਼ਤਲ ਦੇ ਮੈਖਾਨੇ ਨੂੰ
ਇਸ਼ਕ ਦਾ ਵਣਜਾਰਾ ਜਾਂਦਾ
ਗ਼ੈਰ ਲਈ ਤੇ 'ਹਮਦਰਦਾ’
ਇਹ ਸੌਦਾ ਮੁੜਘਿੜ ਦਾ ਹੈ।