ਆਪਣੇ ਵੈਰੀ ਨੂੰ ਮੈਂ ਨਹੀਂ ਜਾਣਦਾ
ਅੱਜ ਪਹਿਲੀ ਵਾਰ ਉਸਨੂੰ ਦੇਖਣਾ
ਦੇਖਣਾ ਵੀ ਸ਼ਾਇਦ ਨਾ ਹੋਏ ਨਸੀਬ
ਕੌਣ ਦੁਸ਼ਮਣ ਦੇ ਭਲਾ ਜਾਂਦਾ ਕਰੀਬ
ਘਰ ਦੀਆਂ ਤੰਗੀਆਂ ਸਤਾਇਆ ਦੌੜਿਆ
ਮੇਰੇ ਵਰਗਾ ਹੋਏਗਾ ਉਹ ਵੀ ਗਰੀਬ
ਮੇਰਾ ਜਿਸਦੇ ਨਾਲ ਨਾ ਕੋਈ ਵਿਹਾਰ
ਸ਼ਕਲ ਜਿਸਦੀ ਮੈਂ ਨਹੀਂ ਪਹਿਚਾਣਦਾ
ਬਾਪ ਦਾ ਕਰਜ਼ਾ ਚੁਕਾਵਣ ਵਾਸਤੇ
ਜੋ ਸਦਾ ਵਧਿਆ ਹੈ ਜੀਕਣ ਅਮਰ ਵੇਲ
ਰੱਜਵਾਂ ਨਾ ਟੁੱਕ ਜੁੜਦਾ ਹੋਏਗਾ
ਭੈਣ ਦਾ ਕੁਝ ਦਾਜ ਥੁੜਦਾ ਹੋਏਗਾ
ਜ਼ਿੰਦਗੀ ਦੀਆਂ ਤਲਖੀਆਂ ਦਾ ਭੰਨਿਆ
ਅੰਦਰੇ ਅੰਦਰ ਹੀ ਕੁੜ੍ਹਦਾ ਹੋਏਗਾ
ਕਿਸੇ ਮਾਇਆਦਾਸ ਸ਼ਾਹ ਤੋਂ ਆਪਣੀ
ਜੱਦੀ ਪੈਲੀ ਨੂੰ ਛੁਡਾਵਣ ਵਾਸਤੇ
ਅੱਜ ਮਿੱਟੀ ਵਿਚ ਮਿਟ ਜਾਣਾ ਅਸੀਂ
ਕੀ ਏ ਸਾਡਾ ਹੱਕ ਮਿੱਟੀ ਤੇ ਭਲਾ
ਮਿੱਟੀ ਹੀ ਸਾਡੀ ਸਦਾ ਹੱਕਦਾਰ ਹੈ
ਨਿੱਤ ਇਸਦੀ ਜਿੱਤ ਸਾਡੀ ਹਾਰ ਹੈ
ਇਹ ਜੋ ਮਿੱਟੀ ਹੋ ਗਈ ਹੈ ਦੁਸ਼ਮਣੀ
ਜਿਸਦੀ ਖ਼ਾਤਰ ਅੱਜ ਸਾਡੀ ਖਾਰ ਹੈ
ਅਤੇ ਦੋਹਾਂ ਦੁਸ਼ਮਣਾਂ ਨੇ ਲੜਦਿਆਂ
ਏਸ ਮਿੱਟੀ ਹੇਠ ਲਿਟ ਜਾਣਾ ਅਸੀਂ
ਹਾਕਮਾਂ ਦੀ ਗੱਲ ਹਾਕਮ ਜਾਣਦੇ
ਫ਼ਰਜ਼ ਹੈ ਸਾਡਾ ਹੁਕਮ ਨੂੰ ਪਾਲਣਾ
ਆਗਿਆਕਾਰੀ ਹੀ ਸਾਡਾ ਕਰਮ ਹੈ
ਮਾਰਨਾ ਮਰਨਾ ਹੀ ਸਾਡਾ ਧਰਮ ਹੈ
ਵਤਨ ਦੇ ਹਿੱਤ ਦਾ ਨਹੀਂ ਸਾਨੂੰ ਪਤਾ
ਆਪਣੇ ਵੇਤਨ ਦੀ ਡਾਹਡੀ ਸ਼ਰਮ ਹੈ
ਮਰਨ ਮਾਰਨ ਤੁਰ ਪਏ ਹਾਂ ਜੇ ਅਸੀਂ
ਇਕ ਦੂਜੇ ਨੂੰ ਨਹੀਂ ਪਹਿਚਾਣਦੇ।