ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ
ਕਾਬਲੀ ਅੰਗੂਰ
ਲੰਘ ਕੇ ਆ ਗਿਆ ਹੈ ਵਾਹਗਿਓਂ
ਤੂੰ ਸੀ ਜਿਹੜੇ ਰਾਹ ਗਿਓਂ
ਬਹੁਤ ਖ਼ੁਸ਼ ਹੋਇਆ ਹਾਂ ਮੈਂ
ਅੱਖੀਆਂ ਵਿਚ ਆ ਗਏ ਨੇ ਅੱਥਰੂ
ਭਰ ਗਿਆ ਹੈ ਮੇਰੇ ਮੂੰਹ ਵਿਚ ਮਾਖਿਓਂ
ਗੱਲ ਤਾਂ ਨਿੱਕੀ ਜਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ।
ਗਲ ਤਾਂ ਨਿੱਕੀ ਜਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ
ਕਿਸ ਤਰ੍ਹਾਂ
ਇੱਕੋ ਵੇਲੇ
ਕੋਈ ਹੋ ਸਕਦਾ ਬਿਗਾਨਾ ਆਪਣਾ
ਲੰਘ ਕੇ ਸਰਹੱਦ ਨੂੰ
ਭਟਕਦੀ ਰਹਿੰਦੀ ਹੈ ਅਕਸਰ ਕਲਪਣਾ
ਕਿਸ ਤਰ੍ਹਾਂ ਦਾ ਯਾਰ ਵਸਦਾ ਹੈ ਪਰਾਏ ਮੁਲਕ ਵਿਚ
ਜਿਸ ਲਈ ਇੰਜ ਲੁੱਛਦਾ ਰਹਿੰਦਾ ਹਾਂ ਮੈਂ
ਪੁਰੇ ਲੜ ਬੰਨ੍ਹਦਾ ਸਲਾਮਾਂ
ਪੱਛੋਂ ਤੋਂ ਵੀ ਹਾਲ ਜਿਸ ਦਾ ਪੁੱਛਦਾ ਰਹਿੰਦਾ ਹਾਂ ਮੈਂ
ਨਾ ਕਦੀ ਆਉਂਦਾ ਨਾ ਮਿਲਦਾ
ਨਾ ਕੋਈ ਚਿੱਠੀ ਕਦੀ ਨਾ ਸੁਖ ਸੁਨੇਹਾ
ਦੱਸਦਾ ਨਾ ਹਾਲ ਦਿਲ ਦਾ
ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ।
ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ
ਦੇਸ਼-ਭਗਤੀ ਵਿਚ ਵਿਘਣ ਪੈਂਦਾ ਕਿਵੇਂ
ਆਪ ਆਪਣੇ ਜਜ਼ਬਿਆਂ ਤੋਂ ਝਿਜਕਦਾ ਸੰਗਦਾ ਸਾਂ ਮੈਂ
ਯਾਦ ਹੈ
ਚਾਨਣ-ਵਿਗੁੱਚੀ ਘੁੱਪ ਹਨ੍ਹੇਰੀ ਰਾਤ ਵਿਚ
ਦੇਸ਼ ਮੇਰੇ ਦੇ ਲੜਾਕੂ ਸੂਰਮੇ
ਸੀਰਮੇ ਪੀਂਦੇ ਸੀ ਅੱਗੇ ਵਧ ਰਹੇ
ਛਿੜਕਦੇ ਸੀ ਅੱਗ ਤੇਰੇ ਸ਼ਹਿਰ 'ਤੇ
ਉਹਨਾਂ ਦੀ ਸੂਰਮਗਤੀ ਨੂੰ ਸਿਰ ਝੁਕਾਂਦਾ
ਚੁੱਪ ਚੁਪੀਤਾ
ਤੇਰੀ
ਤੇਰੇ ਮਾਪਿਆਂ ਤੇ ਬੱਚਿਆਂ ਦੀ
ਖ਼ੈਰ ਕਿਉਂ ਮੰਗਦਾ ਸਾਂ ਮੈਂ
ਯਾਦ ਕਰ ਕੇ ਅੱਲਾ ਨੂੰ ਭਗਵਾਨ ਨੂੰ
ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ।
ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ
ਗ਼ੈਰ ਨੂੰ ਦੱਸੀਏ ਤਾਂ ਹੋ ਜਾਏ ਹੈਰਾਨ
ਮੇਰੀਆਂ ਫ਼ੌਜਾਂ ਦੇ ਅੱਗੇ
ਤੇਰੀਆਂ ਫੌਜਾਂ ਨੇ ਜਦ ਹਥਿਆਰ ਸੁੱਟੇ
ਗਿਲੇ ਵਰਗੀ ਗੱਲ ਸੀ
ਕੁਝ ਰੋਸ ਵੀ ਸੀ
ਤੂੰ ਤਾਂ ਰੋਇਆ ਹੋਵੇਂਗਾ।
ਰੋਣਾ ਹੀ ਸੀ
ਮੇਰੇ ਕਿਉਂ ਅੱਥਰੂ ਸੀ ਵੱਗੇ
ਮੈਨੂੰ ਆਪਣੀ ਜਿੱਤ ਦਾ ਚਾਅ ਤਾਂ ਭਲਾ ਹੋਣਾ ਹੀ ਸੀ
ਨਾਲ ਹੀ ਕਿਉਂ
ਕੁਝ ਤੇਰੀ ਹਾਰ ਦਾ ਅਫ਼ਸੋਸ ਵੀ ਸੀ
ਆਪ ਹੁੰਦਾ ਹਾਂ ਹੈਰਾਨ
ਕਿਹੋ ਜਿਹੀ ਹੈ ਦੁਸ਼ਮਣੀ ਦੀ ਦਾਸਤਾਨ।
ਗੱਲ ਤਾਂ ਨਿੱਕੀ ਜਿਹੀ
ਕੌਣ ਸਮਝਾਏ ਸਿਆਸਤਦਾਨ ਨੂੰ
ਕਿੰਝ ਸਮਝੇਗਾ ਮੇਰਾ ਬੱਚਾ ਨਦਾਨ
ਕਦ ਖ਼ਤਮ ਹੋਏਗੀ ਆਖ਼ਰ
ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ।